ਹਰਿਆਣਾ, 14 ਜੁਲਾਈ (ਦਲਜੀਤ ਸਿੰਘ)- ਪੰਜਾਬ ’ਚ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅਤੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਤਿੱਖੀ ‘ਤਕਰਾਰ’ ਨੂੰ ਸਭ ਜਾਣਦੇ ਹਨ। ਸਿੱਧੂ ਨੇ ਆਮ ਆਦਮੀ ਪਾਰਟੀ ਦੀ ਤਾਰੀਫ਼ ’ਚ ਟਵੀਟ ਕੀਤਾ ਤਾਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ‘ਆਪ’ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਅਜਿਹੇ ਵਿਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਹੀ ਪਾਰਟੀ ਬਣਾ ਲੈਣ, ਤਾਂ ਚੰਗਾ ਹੋਵੇਗਾ। ਅਨਿਲ ਵਿਜ ਨੇ ਟਵੀਟ ਕੀਤਾ ਕਿ ਨਵਜੋਤ ਸਿੰਘ ਸਿੱਘੂ ਵਾਰ-ਵਾਰ ਦਲ ਬਦਲ ਕੇ ਦੂਜੀਆਂ ਪਾਰਟੀਆਂ ਵਿਚ ਜਾ ਕੇ ਉਨ੍ਹਾਂ ਨੂੰ ਖਰਾਬ ਕਰਨ ਦੀ ਬਜਾਏ ਚੰਗਾ ਹੈ ਕਿ ਉਹ ਆਪਣੀ ਹੀ ਪਾਰਟੀ ਬਣਾ ਲੈਣ। ਵਿਜ ਨੇ ਇਹ ਵੀ ਕਿਹਾ ਕਿ ਸਿੱਧੂ ਕਿਹੜੀ ਪਾਰਟੀ ’ਚ ਜਾਣਗੇ ਅਤੇ ਕਿਹੜੀ ਨਹੀਂ, ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਪਰ ਮੈਂ ਤਾਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਵੱਖ ਤੋਂ ਆਪਣੀ ਪਾਰਟੀ ਬਣਾ ਲੈਣ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੇਅਬਦੀ ਅਤੇ ਬਿਜਲੀ ਸਮੇਤ ਵੱਖ-ਵੱਖ ਮੁੱਦਿਆਂ ’ਤੇ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਦਰਮਿਆਨ ਮੰਗਲਵਾਰ ਨੂੰ ਸਿੱਧੂ ਨੇ ਵਿਰੋਧੀ ਧਿਰ ਦੀ ਪਾਰਟੀ ‘ਆਪ’ ਦੀ ਵੀ ਤਾਰੀਫ਼ ਕੀਤੀ। ਲੜੀਵਾਰ ਟਵੀਟ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਲਈ ਕੀਤੇ ਗਏ ਮੇਰੇ ਕੰਮਾਂ ਅਤੇ ਵਿਜ਼ਨ ਨੂੰ ਪਹਿਚਾਣਿਆ ਹੈ, ਚਾਹੇ ਉਹ 2017 ਤੋਂ ਪਹਿਲਾਂ ਮੇਰੇ ਵਲੋਂ ਚੁੱਕੇ ਗਏ ਬੇਅਦਬੀ ਮਾਮਲੇ, ਨਸ਼ੀਲੇ ਪਦਾਰਥ, ਕਿਸਾਨਾਂ ਦੀਆਂ ਪਰੇਸ਼ਾਨੀਆਂ, ਭ੍ਰਿਸ਼ਟਾਚਾਰ ਅਤੇ ਬਿਜਲੀ ਸੰਕਟ ਦੇ ਮੁੱਦੇ ਹੋਣ, ਜਿਨ੍ਹਾਂ ਦਾ ਸਾਹਮਣਾ ਪੰਜਾਬ ਦੀ ਜਨਤਾ ਨੂੰ ਕਰਨਾ ਪੈ ਰਿਹਾ ਹੈ ਜਾਂ ਫਿਰ ਅੱਜ ਜਿਸ ਤਰ੍ਹਾਂ ਮੈਂ ‘ਪੰਜਾਬ ਮਾਡਲ’ ਪੇਸ਼ ਕੀਤਾ ਹੈ। ਸਿੱਧੂ ਦੇ ਇਸ ਟਵੀਟ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਦੇ ‘ਆਪ’ ਪਾਰਟੀ ’ਚ ਸ਼ਾਮਲ ਹੋਣ ਨੂੰ ਲੈ ਕੇ ਅਟਕਲਾਂ ਦਾ ਦੌਰ ਤੇਜ਼ ਹੋ ਗਿਆ ਹੈ।