ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)– ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਸਗੋਂ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਲੜਾਈ ਕਾਰਨ ਕਾਂਗਰਸ ਖ਼ਿਲਾਫ਼ ਆਪਣਾ ਗੁੱਸਾ ਕੱਢਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਅਤੇ ਸੀਨੀਅਰ ਕਾਂਗਰਸੀ ਲੀਡਰ ਮਨੀਸ਼ ਤਿਵਾੜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ। ਇਥੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਦਾ ਸਮਰਥਨ ਪੰਜਾਬ ਦੇ ਲੋਕ ਕਰਦੇ ਹਨ ਅਤੇ ਬਹੁਤੀਆਂ ਚੋਣਾਂ ਵਿਚ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਜਿੱਤ ਦਿਵਾਈ ਹੈ।
ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਵੱਡੀ ਹਾਰ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਕਾਂਗਰਸ ਦੀ ਆਪਸੀ ਖਿੱਚੋਤਾਣ ਨਹੀਂ ਚਾਹੁੰਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖਰੀ ਕਮੇਟੀ ਦੀ ਮੰਗ ਬਾਰੇ ਪੁੱਛਣ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਮੁੱਖ ਮੰਤਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਕਿਉਂਕਿ ਚੰਡੀਗੜ੍ਹ ਉੱਪਰ ਸਿਰਫ਼ ਅਤੇ ਸਿਰਫ਼ ਪੰਜਾਬ ਦਾ ਹੱਕ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਚੰਡੀਗੜ੍ਹ ਵਿਚ 80 ਫ਼ੀਸਦੀ ਲੋਕ ਪੰਜਾਬੀ ਹਨ ਅਤੇ ਚੰਡੀਗੜ੍ਹ ਪੰਜਾਬ ਦਾ ਹੈ।
ਮੱਤੇਵਾੜਾ ਜੰਗਲ ਨੂੰ ਖ਼ਤਮ ਕਰਨ ਬਾਰੇ ਪੁੱਛਣ ’ਤੇ ਤਿਵਾੜੀ ਨੇ ਕਿਹਾ ਕਿ ਪੰਜਾਬ ਨੂੰ ਇੰਡਸਟਰੀ ਦੀ ਬਹੁਤ ਲੋੜ ਹੈ ਪਰ ਜੰਗਲ ਖ਼ਤਮ ਕਰਕੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ ਸਗੋਂ ਵਾਤਾਵਰਣ ਅਤੇ ਉਦਯੋਗ ਦਾ ਬੈਲੇਂਸ ਬਰਾਬਰ ਰੱਖ ਕੇ ਤਰੱਕੀ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ। ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੁੱਕਣੇ ਹੋਣ ਦੀ ਜ਼ਰੂਰਤ ਹੈ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਡਾ. ਅੱਛਰ ਸ਼ਰਮਾ, ਐਡਵੋਕੇਟ ਮੋਹਨ ਲਾਲ ਸੈਣੀ, ਪ੍ਰਤਾਪ ਸਿੰਘ ਸੈਣੀ, ਗੁਰਬੀਰ ਸਿੰਘ ਗੱਜਪੁਰ ਬੇਲਾ, ਵਿਕਰਮ ਸ਼ਰਮਾ ਡਿੱਕੀ, ਬਲਵੀਰ ਸਿੰਘ ਭੀਰੀ ਆਦਿ ਆਗੂ ਹਾਜ਼ਰ ਸਨ ।