ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਦੀ ਪਟੀਸ਼ਨ ਖ਼ਾਰਜ, ਅਦਾਲਤ ਨੇ ਕਿਹਾ- ਦਿਮਾਗ ਦਾ ਇਸਤੇਮਾਲ ਕਰੋ

ram/nawanpunjab.com

ਚੰਡੀਗੜ੍ਹ/ਹਰਿਆਣਾ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਵਾਲੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਸੋਮਵਾਰ ਯਾਨੀ ਕਿ ਅੱਜ ਹਾਈ ਕੋਰਟ ਨੇ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਾਈ ਹੈ। ਕੋਰਟ ਨੇ ਕਿਹਾ ਕਿ ਭਵਿੱਖ ’ਚ ਇਸ ਤਰ੍ਹਾਂ ਦੀ ਪਟੀਸ਼ਨ ਦਾਖ਼ਲ ਨਾ ਹੋਵੇ। ਇਹ ਕੋਈ ਫ਼ਿਲਮ ਨਹੀਂ ਚੱਲ ਰਹੀ ਹੈ। ਹਾਈ ਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਪਟੀਸ਼ਨ ਦਾਖ਼ਲ ਕਰਦੇ ਸਮੇਂ ਦਿਮਾਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਦਰਅਸਲ ਚੰਡੀਗੜ੍ਹ ਦੇ ਅਸ਼ੋਕ ਕੁਮਾਰ ਅਤੇ ਡੇਰੇ ਦੇ ਸਮਰਥਕਾਂ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ ’ਚ ਕਾਫੀ ਬਦਲਾਅ ਵੇਖੇ ਹਨ। ਡੇਰਾ ਪ੍ਰੇਮੀਆਂ ਨੇ ਕਿਹਾ ਕਿ ਡੇਰਾ ਮੁਖੀ ਦਾ ਕੱਦ ਇਕ ਇੰਚ ਵੱਧ ਗਿਆ ਹੈ। ਉਂਗਲੀਆਂ ਦੀ ਲੰਬਾਈ ਅਤੇ ਪੈਰਾਂ ਦਾ ਆਕਾਰ ਵੀ ਵਧਿਆ ਹੋਇਆ ਹੈ। ਜੇਲ੍ਹ ’ਚੋਂ ਜੋ ਰਾਮ ਰਹੀਮ ਬਾਹਰ ਆਏ ਹਨ, ਉਹ ਅਸਲੀ ਨਹੀਂ ਸਗੋਂ ਨਕਲੀ ਹਨ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵਲੋਂ ਪੈਰੋਲ ਦਿੱਤੀ ਗਈ ਸੀ। ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਨੇ 17 ਜੂਨ ਦੀ ਸਵੇਰ ਨੂੰ ਬਾਹਰ ਜਾਣ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੈਰੋਲ ਮਿਲਣ ’ਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ’ਚ ਰਹਿ ਰਿਹਾ ਹੈ। ਖ਼ਬਰਾਂ ਮੁਤਾਬਕ ਪੈਰੋਲ ਮਿਲਣ ਮਗਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਕਾਇਦਾ ਆਪਣੇ ਸਮਰਥਕਾਂ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਹ ਡੇਰੇ ਦੇ ਪ੍ਰਬੰਧਨ ਨਾਲ ਜੁੜੇ ਲੋਕਾਂ ਨਾਲ ਬੈਠ ਕੇ ਡੇਰੇ ਦੇ ਕੰਮਕਾਜ ਦੀ ਜਾਣਕਾਰੀ ਵੀ ਲੈ ਰਿਹਾ ਹੈ।

Leave a Reply

Your email address will not be published. Required fields are marked *