ਅੰਮ੍ਰਿਤਸਰ – ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਜਿਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉਥੇ ਹੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਦਿੱਤੀਆਂ ਹਰ ਤਰ੍ਹਾਂ ਦੀਆਂ ਗਾਰੰਟੀਆਂ ਪੂਰੀਆਂ ਹੋ ਰਹੀਆਂ ਹਨ। ਜਲਦ ਹੀ ਪੰਜਾਬ ਦਾ ਖਜ਼ਾਨਾ ਭਰਕੇ ਉਸ ਨੂੰ ਪਹਿਲਾਂ ਵਾਂਗ ਲਿਹਾ ’ਤੇ ਲਿਆਇਆ ਜਾਵੇਗਾ। ਭੁੱਲਰ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ 104% ਮਾਲੀਆ ਵਧਾ ਕੇ ਦਿਖਾਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਮਾਲੀਆ ਵਿਚ ਟਰਾਂਸਪੋਰਟ ਮਹਿਕਮੇ ਦਾ ਵਡਾ ਯੋਗਦਾਨ ਵੇਖਣ ਨੂੰ ਮਿਲੇਗਾ।
ਭੁੱਲਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਆਖਰੀ ਤਿੰਨ ਮਹੀਨੇ ਵਿਚ ਪਾਇਆ 825 ਮਾੜੇ ਮਟੀਰੀਅਲ ਦੀਆਂ ਬੱਸਾਂ ਦੀ ਅਸੀਂ ਜਾਂਚ ਕਰਵਾ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਉਸ ਦੀ ਫ਼ਸਲ ’ਤੇ ਐੱਮ.ਐੱਸ.ਪੀ. ਨਹੀਂ ਮਿਲਦੀ ਤਾਂ ਉਹਦੀ ਫ਼ਸਲ ਵਿਚ ਕੋਈ ਘਾਟ ਹੋ ਸਕਦੀ ਹੈ।
ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਿਲੀ ਏਅਰਪੋਰਟ ਲਈ ਵੋਲਵੋ ਬਸਾਂ ਚਲਾ ਕੇ ਜੋ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਹੈ, ਉਸ ਨਾਲ ਦੇਸ਼ਾ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਫ਼ਾਇਦਾ ਹੋਇਆ ਹੈ। ਹੁਣ ਆਉਣ ਵਾਲੇ ਸਮੇਂ ਵਿਚ ਸਾਰੀਆਂ ਸਰਕਾਰੀ ਸਹੂਲਤਾਵਾਂ ਆਨਲਾਇਨ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਦੇ ਸਾਰੇ ਕੰਮ ਘਰ ਬੈਠੇ ਹੀ ਹੋ ਜਾਣਗੇ।