ਦੀਨਾਨਗਰ ਤੋਂ ਵੱਡੀ ਖ਼ਬਰ : ਪੁਲਸ ਨੇ ਫੜ੍ਹੀ 80 ਕਰੋੜ ਦੀ ਹੈਰੋਇਨ, 4 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

nawanpunjab.com

ਗੁਰਦਾਸਪੁਰ-: ਗੁਰਦਾਸਪੁਰ ਦੀ ਦੀਨਾਨਗਰ ਪੁਲਸ ਨੂੰ ਭਾਰੀ ਮਾਤਰਾ ‘ਚ ਹੈਰੋਇਨ ਸਮੇਤ ਨਸ਼ੇ ਦੇ ਚਾਰ ਵੱਡੇ ਤਸਕਰਾਂ ਨੂੰ ਫੜ੍ਹਨ ‘ਚ ਸਫ਼ਲਤਾ ਹਾਸਲ ਹੋਈ ਹੈ। ਦੱਸਿਆ ਗਿਆ ਹੈ ਕਿ ਦੀਨਾਨਗਰ ਥਾਣੇ ਦੇ ਐੱਸ. ਐੱਚ. ਓ. ਕਪਿਲ ਕੌਸ਼ਲ ਨੇ ਨੈਸ਼ਨਲ ਹਾਈਵੇਅ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਕਲਾਂ ਥਾਣਾ ਸਰਾਏ ਅਮਾਨਤਖਾਂ, ਜ਼ਿਲ੍ਹਾ ਤਰਨਤਾਰਨ ਭਾਰੀ ਮਾਤਰਾ ‘ਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ।
ਉਸ ਦੇ ਸਬੰਧ ਪਾਕਿਸਤਾਨ ‘ਚ ਬੈਠੇ ਤਸਕਰਾਂ ਨਾਲ ਹਨ ਅਤੇ ਇਹ ਵਾਇਆ ਜੰਮੂ-ਕਸ਼ਮੀਰ ਆਪਣੇ ਬੰਦੇ ਭੇਜ ਕੇ ਭਾਰੀ ਮਾਤਰਾ ‘ਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ। ਇਸ ਨੇ ਅੱਜ ਵੀ ਗੁਰਦਿੱਤ ਸਿੰਘ ਗਿੱਤਾ ਪੁੱਤਰ ਤਰਸੇਮ ਸਿੰਘ, ਭੋਲਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੀਮਾ ਕਲਾਂ, ਮਨਜਿੰਦਰ ਸਿੰਘ ਮੰਨਾ ਪੁੱਤਰ ਸੁਰਮੁੱਖ ਸਿੰਘ ਅਤੇ ਕੁਲਦੀਪ ਸਿੰਘ ਗੀਵੀ ਕੀਪਾ ਪੁੱਤਰ ਪ੍ਰੇਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨਤਾਰਨ ਨੂੰ ਜੰਮੂ ਵੱਲ ਹੈਰੋਇਨ ਲੈਣ ਭੇਜਿਆ ਹੋਇਆ ਸੀ।
ਉਕਤ ਦੋਸ਼ੀ ਜੰਮੂ ਵੱਲੋਂ ਗੱਡੀਆਂ ‘ਚ ਭਾਰੀ ਮਾਤਰਾ ‘ਚ ਹੈਰੋਇਨ ਲੈ ਕੇ ਵਾਪਸ ਇੱਧਰ ਨੂੰ ਆ ਰਹੇ ਹਨ। ਇਹ ਸੂਚਨਾ ਪੱਕੀ ਹੋਣ ‘ਤੇ ਪੁਲਸ ਵੱਲੋਂ ਹਾਈਵੇਅ ਅਤੇ ਬਾਈਪਾਸ ਨੇੜੇ ਸਖ਼ਤ ਚੈਕਿੰਗ ਮੁਹਿੰਮ ਚਲਾਈ ਗਈ। ਇਸੇ ਦੌਰਾਨ ‌2 ਗੱਡੀਆਂ ‘ਚ ਭਾਰੀ ਮਾਤਰਾ ‘ਚ ਹੈਰੋਇਨ ਲੈ ਕੇ ਜਾ ਰਹੇ 4 ਦੋਸ਼ੀ ਪੁਲਸ ਦੇ ਹੱਥੇ ਚੜ੍ਹ ਗਏ।
ਇਨ੍ਹਾਂ ਕੋਲੋਂ 16 ਕਿੱਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਹੋਈ ਹੈ। ਫਿਲਹਾਲ ਪੁਲਸ ਵੱਲੋ ਪੁਸ਼ਟੀ ਕੀਤੀ ਗਈ ਹੈ ਕਿ 4 ਦੋਸ਼ੀ 16 ਕਿੱਲੋ ਤੋਂ ਵੱਧ ਹੈਰੋਇਨ ਨਾਲ ਫੜ੍ਹੇ ਗਏ ਹਨ ਅਤੇ ਇਹ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਹਨ। ਇਸ ਬਾਰੇ ਵਧੇਰੇ ਜਾਣਕਾਰੀ ਪੁਲਸ ਅਧਿਕਾਰੀਆਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।

Leave a Reply

Your email address will not be published. Required fields are marked *