ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਗੈਂਗਸਟਰ ਅੰਸਾਰੀ ਤੇ ਬਿਸ਼ਨੋਈ ਦਾ ਨਾਂ, ਆਪਸ ‘ਚ ਭਿੜੇ ਹਰਜੋਤ ਬੈਂਸ ਤੇ ਬਾਜਵਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ ‘ਚ ਭਿੜ ਗਏ। ਹਰਜੋਤ ਬੈਂਸ ਨੇ ਕਿਹਾ ਕਿ ਭਾਰਤ ਦੇ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ 2 ਸਾਲ ਤਿੰਨ ਮਹੀਨੇ ਪੰਜਾਬ ਦੀ ਜੇਲ੍ਹ ‘ਚ ਰੱਖਿਆ ਗਿਆ। ਉਸ ‘ਤੇ ਜਾਅਲੀ ਐੱਫ. ਆਈ. ਆਰ. ਕੀਤੀ ਗਈ ਪਰ ਉਸ ‘ਤੇ ਕੋਈ ਚਲਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ‘ਚ ਰੱਖਿਆ ਗਿਆ ਅਤੇ ਜਿਸ ਬੈਰਕ ‘ਚ 25 ਬੰਦੇ ਆਉਣੇ ਚਾਹੀਦੇ ਸੀ, ਉਸ ਬੈਰਕ ‘ਚ ਉਸ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਗਿਆ।

ਉਸ ਦੀ ਪਤਨੀ ਉਸ ਜੇਲ੍ਹ ‘ਚ ਉਸ ਦੇ ਨਾਲ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਯੂ. ਪੀ. ਦੀ ਸਰਕਾਰ ਨੇ 26 ਵਾਰ ਮੁਖਤਾਰ ਅੰਸਾਰੀ ਦਾ ਪ੍ਰੋਡਕਸ਼ਨ ਵਾਰੰਟ ਕੱਢਿਆ ਪਰ ਪੰਜਾਬ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਬਚਾਉਣ ਲਈ ਸੀਨੀਅਰ ਐਡਵੋਕੇਟ ਦੀ 11 ਲੱਖ ਰੁਪਏ ਪੇਸ਼ੀ ਦੀ ਇਕ ਦਿਨ ਦੀ ਫ਼ੀਸ ਸੀ। ਉਨ੍ਹਾਂ ਕਿਹਾ ਕਿ 55 ਲੱਖ ਦਾ ਬਿੱਲ ਸਾਡੀ ਸਰਕਾਰ ਨੂੰ ਆਇਆ ਹੋਇਆ ਹੈ ਅਤੇ ਇਹ ਪੈਸਾ ਅਸੀਂ ਕਿਉਂ ਦੇਈਏ। ਇਸ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਜੇਕਰ ਇਸ ਗੱਲ ਦਾ ਜਵਾਬ ਦੇਣ ਲੱਗ ਪਏ ਤਾਂ ਫਿਰ ਬਜਟ ਤੋਂ ਪਾਸੇ ਹੋ ਜਾਵਾਂਗੇ।

Leave a Reply

Your email address will not be published. Required fields are marked *