ਨਵੀਂ ਦਿੱਲੀ, 18 ਮਈ– ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ਮਾਮਲੇ ‘ਚ ਦੋਸ਼ੀ ਏ.ਜੀ. ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਬੁੱਧਵਾਰ ਨੂੰ ਆਦੇਸ਼ ਦਿੱਤਾ, ਜੋ ਉਮਰ ਕੈਦ ਦੀ ਸਜ਼ਾ ਦੇ ਅਧੀਨ 30 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ‘ਚ ਬੰਦ ਹੈ। ਜੱਜ ਐੱਲ. ਨਾਗੇਸ਼ਵਰ ਰਾਵ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਧਾਰਾ 142 ਦੇ ਅਧੀਨ ਆਪਣੇ ਮਨੁੱਖੀ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਬੈਂਚ ਨੇ ਕਿਹਾ,”ਰਾਜ ਮੰਤਰੀਮੰਡਲ ਨੇ ਪ੍ਰਾਸੰਗਿਕ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਆਪਣਾ ਫ਼ੈਸਲਾ ਕੀਤਾ ਸੀ। ਧਾਰਾ 142 ਦਾ ਇਸਤੇਮਾਲ ਕਰਦੇ ਹੋਏ, ਦੋਸ਼ੀ ਨੂੰ ਰਿਹਾਅ ਕੀਤਾ ਜਾਣਾ ਉੱਚਿਤ ਹੋਵੇਗਾ।”
ਸੰਵਿਧਾਨ ਦੀ ਧਾਰਾ 142 ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ, ਜਿਸ ਦੇ ਅਧੀਨ ਸੰਵਿਧਾਨ ਮਾਮਲੇ ‘ਚ ਕੋਈ ਹੋਰ ਕਾਨੂੰਨ ਲਾਗੂ ਨਾ ਹੋਣ ਤੱਕ ਉਸ ਦਾ ਫ਼ੈਸਲਾ ਸਰਵਉੱਚ ਮੰਨਿਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਏ.ਜੀ. ਪੇਰਾਰਿਵਲਨ ਨੂੰ ਕੋਰਟ ਨੇ ਇਹ ਦੇਖਦੇ ਹੋਏ 9 ਮਾਰਚ ਨੂੰ ਜ਼ਮਾਨਤ ਦੇ ਦਿੱਤੀ ਸੀ ਕਿ ਸਜ਼ਾ ਕੱਟਣ ਅਤੇ ਪੈਰੋਲ ਦੌਰਾਨ ਉਸ ਦੇ ਆਚਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ।