ਨਵੀਂ ਦਿੱਲੀ, 7 ਜੁਲਾਈ (ਦਲਜੀਤ ਸਿੰਘ)- ਓਲੰਪਿਕ ਸੋਨ ਤਗਮਾ ਜੇਤੂ ਭਾਰਤੀ ਹਾਕੀ ਟੀਮ ਦਾ 2 ਵਾਰ ਹਿੱਸਾ ਰਹੇ ਕੇਸ਼ਵ ਦੱਤ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਸਾਬਕਾ ਸੈਂਟਰ ਹਾਫਬੈਕ ਦੱਤ ਨੇ ਦੁਪਹਿਰ 12.30 ਵਜੇ ਕੋਲਕਾਤਾ ਦੇ ਸੰਤੋਸ਼ਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਦੱਤ ਹਾਕੀ ਵਿਚ ਭਾਰਤ ਦੇ ਸੁਨਹਿਰੀ ਦੌਰ ਦਾ ਹਿੱਸਾ ਸਨ। ਉਹ 1948 ਦੇ ਓਲੰਪਿਕਸ ਵਿਚ ਭਾਰਤੀ ਟੀਮ ਦਾ ਹਿੱਸਾ ਸਨ, ਜਿੱਥੇ ਭਾਰਤ ਨੇ ਲੰਡਨ ਦੇ ਵੇਂਬਲੇ ਸਟੇਡੀਅਮ ਵਿਚ ਘਰੇਲੂ ਟੀਮ ਬ੍ਰਿਟੇਨ ਨੂੰ 4-0 ਨਾਲ ਹਰਾ ਕੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਾਕੀ ਵਿਚ ਸੋਨ ਤਮਗਾ ਜਿੱਤਿਆ ਸੀ।
ਲੰਡਨ ਓਲੰਪਿਕ ਤੋਂ ਪਹਿਲਾਂ, ਦੱਤ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਅਗਵਾਈ ਹੇਠ 1947 ਵਿਚ ਪੂਰਬੀ ਅਫਰੀਕਾ ਦੇ ਦੌਰੇ ‘ਤੇ ਵੀ ਗਏ ਸਨ। 29 ਦਸੰਬਰ 1925 ਨੂੰ ਲਾਹੌਰ ਵਿਚ ਜੰਮੇ, ਦੱਤ 1952 ਦੇ ਹੇਲਸਿੰਕੀ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਸਨ। ਭਾਰਤੀ ਟੀਮ ਨੇ ਇਨ੍ਹਾਂ ਖੇਡਾਂ ਦੇ ਫਾਈਨਲ ਵਿਚ ਇਕ ਪਾਸੜ ਮੈਚ ਵਿਚ ਨੀਦਰਲੈਂਡ ਨੂੰ 6-1 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਓਲੰਪਿਕ ਖ਼ਿਤਾਬ ਜਿੱਤਿਆ।