ਸਾਈਬਰ ਵਿੱਤੀ ਧੋਖਾਧੜੀ ਖ਼ਿਲਾਫ਼ ਐਕਸ਼ਨ ‘ਚ ਪੰਜਾਬ ਪੁਲਸ, ਜਾਰੀ ਕੀਤਾ ਇਹ ਹੈਲਪਲਾਈਨ ਨੰਬਰ

police/nawanpunjab.com

ਚੰਡੀਗੜ੍ਹ, 7 ਅਪ੍ਰੈਲ (ਬਿਊਰੋ)- ਸੂਬੇ ਵਿੱਚ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਾਗਰਿਕਾਂ ਨੂੰ ਸਾਈਬਰ ਸਾਧਨਾਂ ਰਾਹੀਂ ਕੀਤੀ ਗਈ ਕਿਸੇ ਵੀ ਵਿੱਤੀ ਧੋਖਾਧੜੀ ਦੀ ਰਿਪੋਰਟ ਕਰਨ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ ‘1930’ ਡਾਇਲ ਕਰਨ ਦੀ ਅਪੀਲ ਕੀਤੀ ਹੈ।ਨੈਸ਼ਨਲ ਹੈਲਪਲਾਈਨ ਨੰਬਰ ‘1930’ ਦੇ ਇਸ ਨਵੇਂ ਛੋਟੇ ਸੰਸਕਰਣ ਨੇ ਮੌਜੂਦਾ ਹੈਲਪਲਾਈਨ ਨੰਬਰ 155260 ਦੀ ਥਾਂ ਲੈ ਲਈ ਹੈ, ਜਿਸ ਨੂੰ ਸ਼ੁਰੂਆਤੀ ਤੌਰ ‘ਤੇ ਗ੍ਰਹਿ ਮੰਤਰਾਲੇ ਵੱਲੋਂ ਪ੍ਰੋਜੈਕਟ ਸਿਟੀਜਨ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ ਤਹਿਤ ਸਾਈਬਰ ਵਿੱਤੀ ਧੋਖਾਧੜੀ ਦੇ ਸ਼ਿਕਾਰ ਨਾਗਰਿਕਾਂ ਦੇ ਵਿੱਤੀ ਨੁਕਸਾਨ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਵੀ.ਕੇ. ਭਾਵਰਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ਼ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਹੀ ਹਾਟਲਾਈਨ ‘ਤੇ ਉਪਲਬਧ ਹੁੰਦੀ ਸੀ, ਜਿਸ ਨੂੰ ਹੁਣ ਅੱਪਗ੍ਰੇਡ ਕੀਤਾ ਗਿਆ ਹੈ ਅਤੇ ਸ਼ਿਕਾਇਤ ਦਰਜ ਕਰਦੇ ਸਮੇਂ ਲਾਈਨ ਵਿਅਸਤ ਰਹਿਣ ਦੀ ਸਮੱਸਿਆ ਦੇ ਹੱਲ ਲਈ ਇਹ ਸਹੂਲਤ ਹੁਣ ਦੋ ਹਾਟਲਾਈਨਾਂ ‘ਤੇ 24 ਘੰਟੇ ਕੰਮ ਕਰ ਰਹੀ ਹੈ।ਡੀ.ਜੀ.ਪੀ. ਨੇ ਕਿਹਾ ਕਿ ਹੁਣ ਨਾਗਰਿਕ 1930 ਡਾਇਲ ਕਰਕੇ ਕਿਸੇ ਵੀ ਸਮੇਂ ਸਾਈਬਰ ਵਿੱਤੀ ਧੋਖਾਧੜੀ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਨਵੀਨਤਮ ਸਹੂਲਤਾਂ ਨਾਲ ਲੈਸ ਅਤੇ ਸਿਖਲਾਈ ਪ੍ਰਾਪਤ ਟੀਮ 24 ਘੰਟੇ ਕੰਮ ਕਰ ਰਹੀ ਹੈ।

ਏ.ਡੀ.ਜੀ.ਪੀ. ਸਾਈਬਰ ਕ੍ਰਾਈਮ ਜੀ. ਨਾਗੇਸਵਰ ਰਾਓ ਨੇ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਦੇ ਸਮੇਂ ਸ਼ਿਕਾਇਤਕਰਤਾ ਨੂੰ ਪੀੜਤ ਦੇ ਬੈਂਕ ਵੇਰਵਿਆਂ (ਖਾਤਾ ਨੰਬਰ, ਡੈਬਿਟ ਕਾਰਡ ਨੰਬਰ), ਸ਼ੱਕੀ ਲੈਣ-ਦੇਣ ਦੇ ਵੇਰਵੇ (ਟ੍ਰਾਂਜੈਕਸਨ ਆਈ.ਡੀ./ਰੈਫਰੈਂਸ ਨੰਬਰ ਜਾਂ ਬੈਂਕ ਸਟੇਟਮੈਂਟ), ਸ਼ੱਕੀ/ਦੋਸ਼ੀ ਦੇ ਵੇਰਵੇ (ਸ਼ੱਕੀ ਦਾ ਖਾਤਾ ਨੰਬਰ ਜਾਂ ਸ਼ੱਕੀ ਦਾ ਮੋਬਾਈਲ ਨੰਬਰ) ਅਤੇ ਧੋਖਾਧੜੀ ਕਰਨ ਵਾਲੇ ਦਾ ਮੋਬਾਈਲ ਨੰਬਰ ਸਮੇਤ ਹੋਰ ਜਾਣਕਾਰੀ ਦੇਣੀ ਹੋਵੇਗੀ। ਉਨਾਂ ਕਿਹਾ ਕਿ ਇੱਕ ਵਾਰ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਇੱਕ ਟਿਕਟ ਇਹ ਧਿਆਨ ਵਿੱਚ ਰੱਖਦਿਆਂ ਸਬੰਧਿਤ ਬੈਂਕਾਂ, ਵੈਲਟ, ਵਪਾਰੀਆਂ ਨੂੰ ਭੇਜ ਦਿੱਤੀ ਜਾਂਦੀ ਹੈ ਕਿ ਇਹ ਪੀੜਤ ਦਾ ਬੈਂਕ ਹੈ ਜਾਂ ਉਹ ਬੈਂਕ ਜਾਂ ਵੈਲਟ ਹੈ ਜਿਸ ਵਿੱਚ ਧੋਖਾਧੜੀ ਦਾ ਪੈਸਾ ਗਿਆ ਹੈ। ਜੇਕਰ ਧੋਖਾਧੜੀ ਵਾਲਾ ਪੈਸਾ ਅਜੇ ਵੀ ਉਪਲਬਧ ਹੈ ਤਾਂ ਬੈਂਕ ਇਸ ਨੂੰ ਰੋਕ ਦੇਵੇਗਾ ਅਤੇ ਧੋਖਾਧੜੀ ਕਰਨ ਵਾਲੇ ਨੂੰ ਪੈਸੇ ਕਢਵਾਉਣ ਦੀ ਆਗਿਆ ਨਹੀਂ ਦੇਵੇਗਾ। ਜੇਕਰ ਧੋਖਾਧੜੀ ਵਾਲਾ ਪੈਸਾ ਕਿਸੇ ਹੋਰ ਬੈਂਕ ਵਿੱਚ ਚਲਾ ਗਿਆ ਹੈ ਤਾਂ ਟਿਕਟ ਅਗਲੇ ਬੈਂਕ ਵਿੱਚ ਭੇਜ ਦਿੱਤੀ ਜਾਵੇਗੀ ਜਿਸ ਵਿੱਚ ਪੈਸੇ ਚਲੇ ਗਏ ਹਨ। ਇਹ ਪ੍ਰਕਿਰਿਆ ਉਦੋਂ ਤੱਕ ਦੁਹਰਾਈ ਜਾਵੇਗੀ ਜਦੋਂ ਤੱਕ ਪੈਸੇ ਨੂੰ ਧੋਖੇਬਾਜਾਂ ਦੇ ਹੱਥਾਂ ਤੱਕ ਪਹੁੰਚਣ ਤੋਂ ਬਚਾਇਆ ਨਹੀਂ ਜਾਂਦਾ।ਇਸ ਦੌਰਾਨ ਸ਼ਿਕਾਇਤ ਦਰਜ ਕਰਾਉਣ ‘ਤੇ ਪੀੜਤ ਨੂੰ ਫਿਰ ਐੱਸ. ਐੱਮ. ਐੱਸ. ਦੁਆਰਾ ਸ਼ਿਕਾਇਤ ਦਾ ਇੱਕ ਰਸੀਦ ਨੰਬਰ ਪ੍ਰਾਪਤ ਹੋਵੇਗਾ ਅਤੇ ਉਸਨੂੰ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (https://cybercrime.gov.in/) ‘ਤੇ ਧੋਖਾਧੜੀ ਦੇ ਪੂਰੇ ਵੇਰਵੇ 24 ਘੰਟੇ ਦੇ ਅੰਦਰ ਰਸੀਦ ਨੰਬਰ ਦੀ ਵਰਤੋਂ ਕਰਦਿਆਂ ਜਮਾਂ ਕਰਨ ਲਈ ਕਿਹਾ ਜਾਵੇਗਾ।

Leave a Reply

Your email address will not be published. Required fields are marked *