ਬਿਜਲੀ ਮੰਤਰੀ ਨੇ ਪਾਵਰਕਾਮ ਦੇ ਮੁੱਖ ਦਫ਼ਤਰ ਅਚਨਚੇਤ ਪਹੁੰਚ ਕੇ ਕੀਤੀ ਚੈਕਿੰਗ

chaecking/nawanpunjab.com

ਪਟਿਆਲਾ, 29 ਮਾਰਚ (ਬਿਊਰੋ)- ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਾਵਰਕਾਮ ਦੇ ਮੁੱਖ ਦਫਤਰ ਵਿਖੇ ਅਚਨਚੇਤ ਪਹੁੰਚ ਕੇ ਚੈਕਿੰਗ ਕੀਤੀ ਅਤੇ ਚੇਅਰਮੈਨ, ਮੈਂਬਰਾਂ ਨਾਲ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਗਰਮੀਆਂ ਅਤੇ ਪੈਡੀ ਸੀਜ਼ਨ ਲਈ ਬਿਜਲੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਸਮੇਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਬਿਜਲੀ ਦੇ ਅਗਾਮੀ ਸੰਕਟ ਤੇ ਕੋਲਾ ਸਪਲਾਈ ਨੂੰ ਲੈ ਕੇ ਚਰਚਾ ਕੀਤੀ। ਬਿਜਲੀ ਮੰਤਰੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਸੇਵਾ ਲਈ ਬਣੀ ਹੈ ਅਤੇ ਲੋਕ ਸੇਵਾ ਜਾਰੀ ਰੱਖੀ ਜਾਵੇਗੀ। ਆਉਣ ਵਾਲੇ ਸਮੇਂ ਦੌਰਾਨ ਪਾਵਰਕਾਮ ਹੋਰ ਬਹੁਤ ਵਧੀਆ ਢੰਗ ਨਾਲ ਕੰਮ ਕਰੇਗਾ ਅਤੇ ਨਤੀਜੇ ਸਾਰਿਆਂ ਦੇ ਸਾਹਮਣੇ ਹੋਣਗੇ।
ਕੋਲੇ ਦੀ ਘਾਟ ਸਬੰਧੀ ਪੁੱਛੇ ਸਵਾਲ ਦੇ ਜਵਾਬ ਬਿਜਲੀ ਮੰਤਰੀ ਨੇ ਕਿਹਾ ਕਿ ਇਸ ਨੂੰ ਲੈ ਕੇ ਚਰਚਾ ਹੋਈ ਹੈ। ਹੱਲ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਅਹੁਦਾ ਸਾਂਭਣ ਤੋਂ ਬਾਅਦ ਪਹਿਲੀ ਵਾਰ ਪਾਵਰਕਾਮ ਦਫਤਰ ਪੁੱਜੇ ਹਨ। ਬਿਜਲੀ ਸਬੰਧੀ ਸਮੱਸਿਆ ਨਾ ਆਵੇ, ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।

ਡਾਇਰੈਕਟਰ ਡਿਸਟ੍ਰੀਬਿਊਸ਼ਨ ਗਰੇਵਾਲ ਨਾਲ ਲੰਮੀ ਮੀਟਿੰਗ ਰਹੀ ਚਰਚਾ ’ਚ
ਬਿਜਲੀ ਮੰਤਰੀ ਨੇ ਹਾਲਾਂਕਿ ਚੇਅਰਮੈਨ ਅਤੇ ਹੋਰ ਮੈਂਬਰਾਂ ਨਾਲ ਉੱਚ ਪੱਧਰੀ ਮੀਟਿੰਗਾਂ ਵੀ ਕੀਤੀਆਂ ਪਰ ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ. ਪੀ. ਐੱਸ. ਗਰੇਵਾਲ ਨਾਲ ਲੰਬੀ ਮੀਟਿੰਗ ਬੇਹਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਿਜਲੀ ਮੰਤਰੀ ਡੇਢ ਤੋਂ ਵੱਧ ਸਮਾਂ ਗਰੇਵਾਲ ਦੇ ਦਫ਼ਤਰ ਅੰਦਰ ਹੀ ਬੈਠੇ ਰਹੇ, ਜਿਸ ਨੇ ਪਾਵਰਕਾਮ ਦੇ ਗਲਿਆਰਿਆਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਜਾਣਕਾਰੀ ਅਨੁਸਾਰ ਬਿਜਲੀ ਮੰਤਰੀ ਦੇ ਪਹੁੰਚ ਮੌਕੇ ਸੀਨੀਅਰ ਅਧਿਕਾਰੀਆਂ ’ਚ ਵੀ ਥੋੜੀ ਬਹੁਤ ਖਿੱਚੋਤਾਣ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਬਿਜਲੀ ਮੰਤਰੀ ਨੇ ਚੀਫ ਇੰਜੀਨੀਅਰ ਗਰੇਵਾਲ ਤੋਂ ਲੰਮਾ ਸਮਾਂ ਬੈਠ ਕੇ ਪਾਵਰਕਾਮ ਸਬੰਧੀ ਕਾਫੀ ਜਾਣਕਾਰੀ ਪ੍ਰਾਪਤ ਕੀਤੀ ਹੈ। ਮੀਟਿੰਗ ਆਉਣ ਵਾਲੇ ਸਮੇਂ ’ਚ ਕਿਸ ਤਰ੍ਹਾਂ ਦੇ ਰੰਗ ਲੈ ਕੇ ਆਉਂਦੀ ਹੈ। ਇਹ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *