ਅੰਮ੍ਰਿਤਸਰ, 26 ਮਾਰਚ (ਬਿਊਰੋ)- ਆ ਰਹੇ ਕਣਕ ਦੇ ਖਰੀਦ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਮੰਡੀ ਬੋਰਡ ਦੇ ਅਧਿਕਾਰੀਆਂ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਖਰੀਦ ਏਜੰਸੀਆਂ ਤੇ ਆੜ੍ਹਤੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਣੀ ਹੈ, ਸੋ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਖਹਿਰਾ ਨੇ ਦੱਸਿਆ ਕਿ ਕਣਕ ਦੀ ਖਰੀਦ ਦਾ ਮੁੱਲ 2015 ਰੁਪਏ ਪ੍ਰਤੀ ਕੁਇੰਟਲ ਅਤੇ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੱਕ ਦੀ ਆਗਿਆ ਹੈ।
ਡਿਪਟੀ ਕਮਿਸ਼ਨਰ ਨੇ ਮੰਡੀ ਇੰਸਪੈਕਟਰਾਂ ਨੂੰ ਹਦਾਇਤ ਕਰਦੇ ਕਿਹਾ ਕਿ ਉਹ ਖਰੀਦ ਸੀਜ਼ਨ ਦੌਰਾਨ ਸਕਾਰਤਮਕ ਭੂਮਿਕਾ ਨਿਭਾਉਣ, ਨਾ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵੱਲ ਧਿਆਨ ਦੇਣ। ਖਹਿਰਾ ਨੇ ਕਿਹਾ ਕਿ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਜਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੂੰ ਹਦਾਇਤ ਕੀਤੀ ਕਿ ਉਹ ਕਣਕ ਦੀ ਚੁਕਾਈ ਦੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਦੇਣ ਤਾਂ ਜੋ ਮੰਡੀਆਂ ਵਿਚ ਕਣਕ ਦੇ ਭੰਡਾਰ ਨਾ ਲੱਗਣ।
ਡੀ. ਸੀ. ਖਹਿਰਾ ਨੇ ਇਸ ਮੌਕੇ ਭਗਤਾਂਵਾਲਾ, ਜੰਡਿਆਲਾ ਤੇ ਟਾਂਗਰਾ ਦੀਆਂ ਮੰਡੀਆਂ ਤੋਂ ਪੁੱਜੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੰਡੀਆਂ ਦੇ ਮਸਲੇ ਪੁੱਛੇ। ਉਨ੍ਹਾਂ ਸਾਰੇ ਆੜ੍ਹਤੀਆਂ ਨੂੰ ਕਿਹਾ ਕਿ ਉਹ ਆਪਣੀ ਲੋੜ ਅਨੁਸਾਰ ਆਪਣੇ ਕੋਲ ਤਰਪਾਲਾਂ ਤੇ ਕਣਕ ਦੀ ਸਫਾਈ ਲਈ ਮਸ਼ੀਨਰੀ ਦਾ ਪ੍ਰਬੰਧ ਰੱਖਣ, ਤਾਂ ਜੋ ਮੌਸਮ ਦੀ ਖਰਾਬੀ ਵੇਲੇ ਕਣਕ ਗਿੱਲੀ ਨਾ ਹੋਵੇ। ਖਹਿਰਾ ਨੇ ਸਾਰੇ ਵਿਭਾਗਾਂ ਤੇ ਖਰੀਦ ਏਜੰਸੀਆਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਇਕ ਟੀਮ ਬਣਕੇ ਕੰਮ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਮੇਰੇ ਸਮੇਤ ਸਾਰੇ ਐੱਸ. ਡੀ. ਐੱਮ. ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਕੰਮ ਵਿਚ ਤੁਹਾਡੇ ਨਾਲ ਹਨ ਅਤੇ ਕਿਸੇ ਵੀ ਲੋੜ ਵੇਲੇ ਤੁਸੀਂ ਸਾਡੀ ਸਹਾਇਤਾ ਲੈ ਸਕਦੇ ਹੋ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ, ਆਰ. ਟੀ. ਏ. ਅਰਸ਼ਦੀਪ ਸਿੰਘ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਦਲਜੀਤ ਸਿੰਘ ਗਿੱਲ, ਮੰਡੀ ਅਧਿਕਾਰੀ ਅਮਨਦੀਪ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।