ਉਦੈਪੁਰ, 9 ਮਾਰਚ (ਬਿਊਰੋ)- ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਕਾਲੂਖੇੜਾ ਪਿੰਡ ’ਚ ਇਕ ਆਵਾਰਾ ਕੁੱਤੇ ਨੇ ਇਕ ਬੱਚੇ ਚਿਹਰਾ ਇਸ ਤਰ੍ਹਾਂ ਵੱਢਿਆ ਕਿ ਉਸ ਦੇ ਚਿਹਰੇ ’ਤੇ ਸਿਰ ਦੇ ਇਕ ਹਿੱਸੇ ਤੋਂ ਚਮੜੀ ਹੀ ਗਾਇਬ ਹੋ ਗਈ। ਅੱਖ-ਨੱਕ ਤੇ ਬੁੱਲਾਂ ’ਤੇ ਟਾਂਕੇ ਲਗਾਉਣੇ ਪਏ। ਭੀਲਵਾੜਾ ਦੇ ਇਕ ਨਿੱਜੀ ਹਸਪਤਾਲ ’ਚ ਡਾਕਟਰਾਂ ਨੇ ਡੇਢ ਘੰਟੇ ਤੱਕ ਸਰਜਰੀ ਕੀਤੀ। ਇਸ ਦੌਰਾਨ ਬੱਚੇ ਦੇ ਚਿਹਰੇ ’ਤੇ ਕਰੀਬ ਸੌ ਟਾਂਕੇ ਲਗਾਏ ਗਏ। ਜਾਣਕਾਰੀ ਮੁਤਾਬਕ ਪਿੰਡ ਦੇ ਗੋਪਾਲ ਗੁੱਜਰ ਦਾ ਪੰਜ ਸਾਲ ਦਾ ਪੁੱਤਰ ਪ੍ਰਹਿਲਾਦ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤੇ ਉੱਥੇ ਇਕ ਆਵਾਰਾ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ।
ਉਸ ਨੇ ਇਸ ਦੀ ਨੱਕ ਦੀ ਹੱਡੀ ਤੱਕ ਚੱਬ ਲਈ। ਬੱਚੇ ਦੀ ਚੀਕ ਸੁਣ ਕੇ ਪਰਿਵਾਰ ਦੇ ਮੈਂਬਰ ਦੌੜੇ ਤੇ ਉਨ੍ਹਾਂ ਨੇ ਉਸ ਨੂੰ ਬਚਾਇਆ ਤੇ ਉਸ ਨੂੰ ਮੇਜਾ ਹਸਪਤਾਲ ਲੈ ਕੇ ਗਏ। ਬੱਚੇ ਦੀ ਹਾਲਤ ਦੇਖ ਕੇ ਉੱਥੋਂ ਉਸ ਨੂੰ ਭੀਲਵਾੜਾ ਲਈ ਰੈਫਰ ਕਰ ਦਿੱਤਾ ਗਿਆ। ਨਿੱਜੀ ਹਸਪਤਾਲ ਦੇ ਈਐੱਨਟੀ ਮਾਹਰ ਰਾਜੇਸ਼ ਜੈਨ ਤੇ ਉਨ੍ਹਾਂ ਦੀ ਟੀਮ ਨੇ ਉਸ ਦਾ ਆਪ੍ਰੇਸ਼ਨ ਕੀਤਾ। ਡਾ. ਰਾਜੇਸ਼ ਨੇ ਦੱਸਿਆ ਕਿ ਕੁੱਤੇ ਨੇ ਬੱਚੇ ਦੀ ਨੱਕ ਦੀ ਪੂਰੀ ਚਮੜੀ ਤੇ ਹੱਡੀ ਚੱਬ ਲਈ ਸੀ। ਇਸ ਕਾਰਨ ਚਿਹਰੇ ਦਾ ਆਕਾਰ ਬਦਲ ਗਿਆ ਸੀ।