ਉਜੈਨ, 1 ਮਾਰਚ (ਬਿਊਰੋ)- ਮਹਾਸ਼ਿਵਰਾਤਰੀ ਅੱਜ ਦੇਸ਼ ਭਰ ’ਚ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਮੰਦਰਾਂ ’ਚ ਭੋਲੇਨਾਥ ਦੀ ਪੂਜਾ ਹੋ ਰਹੀ ਹੈ। ਮਹਾਸ਼ਿਵਰਾਤਰੀ ਮੌਕੇ ਉਜੈਨ ਦੇ ਮਹਾਕਾਲ ਮੰਦਰ ’ਚ ਮਨਮੋਹਕ ਨਜ਼ਾਰਾ ਵਿਖਾਈ ਦਿੱਤਾ। ਰੋਜ਼ਾਨਾ ਤੜਕੇ ਹੋਣ ਵਾਲੀ ਭਸਮ ਆਰਤੀ ਤੋਂ ਬਾਅਦ ਹਜ਼ਾਰਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਬਾਬਾ ਮਹਾਕਾਲ ਦੀ ਨਗਰੀ ਉਜੈਨ ’ਚ ਮਹਾਸ਼ਿਵਰਾਤਰੀ ਮੌਕੇ ਵੱਖਰੀ ਹੀ ਖੁਸ਼ੀ ਵੇਖੀ ਜਾ ਰਹੀ ਹੈ। ਇੱਥੇ ਮਹਾਸ਼ਿਵਰਾਤਰੀ ਵਿਆਹ ਉਤਸਵ ਦੇ ਰੂਪ ’ਚ ਮਨਾਈ ਜਾ ਰਹੀ ਹੈ ਅਤੇ ਮੰਦਰ ਦੇ ਵਿਸ਼ਾਲ ਕੰਪਲੈਕਸ ਨੂੰ ਵਿਆਹ ਮੰਡਪ ਦੇ ਰੂਪ ’ਚ ਸਜਾਇਆ ਗਿਆ ਹੈ।
ਮਹਾਕਾਲੇਸ਼ਵਰ ਮੰਦਰ ਪਵਨ ਕਮੇਟੀ ਮੁਤਾਬਕ ਮਹਾਸ਼ਿਵਰਾਤਰੀ ਮੌਕੇ ਭਗਵਾਨ ਮਹਾਕਾਲੇਸ਼ਵਰ ਮੰਦਰ ਦੇ ਕਿਵਾੜ ਰਾਤ ਢਾਈ ਵਜੇ ਖੋਲ੍ਹ ਦਿੱਤੇ ਗਏ ਹਨ ਅਤੇ ਭਸਮ ਆਰਤੀ ਨਾਲ ਸ਼ਰਧਾਲੂਆਂ ਦੇ ਦਰਸ਼ਨ ਦਾ ਸਿਲਸਿਲਾ ਜਾਰੀ ਹੈ। ਮੰਦਰ ’ਚ ਉਸ ਤੋਂ ਬਾਅਦ ਭਗਵਾਨ ਭੋਲੇਨਾਥ ਦੇ ਦਰਸ਼ਨ ਲਈ ਸ਼ਰਧਾਲੂਆਂ ਦੀ ਭੀੜ ਉਮੜ ਰਹੀ ਹੈ। ਮਹਾਸ਼ਿਵਰਾਤਰੀ ਨੂੰ ਲੈ ਕੇ ਸ਼ਰਧਾਲੂਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਆਏ ਸ਼ਰਧਾਲੂ ਮਹਾਕਾਲ ਦੇ ਜੈਕਾਰੇ ਲਾ ਕੇ ਦਰਸ਼ਨਾਂ ਲਈ ਉਡੀਕ ਕਰਦੇ ਨਜ਼ਰ ਆਏ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਅਤੇ ਪੁਲਸ ਵਲੋਂ ਸਾਰਿਆਂ ਨੂੰ ਦਰਸ਼ਨ ਕਰਾਉਣ ਦੀ ਵਿਆਪਕ ਵਿਵਸਥਾ ਕੀਤੀ ਗਈ ਹੈ।
ਮਹਾਸ਼ਿਵਰਾਤਰੀ ਦੇ ਮੌਕੇ ਮੰਦਰ ਦੇ ਪੁਜਾਰੀਆਂ ਨੇ ਮਹਾਕਾਲੇਸ਼ਵਰ ਦੀ ਵਿਸ਼ੇਸ਼ ਪੂਜਾ ਕੀਤਾ। ਦੁੱਧ, ਦਹੀ, ਸ਼ਹਿਦ, ਪੰਚਾ ਅੰਮ੍ਰਿਤ, ਫਲਾਂ ਦੇ ਰਸ ਸਮੇਤ ਵੱਖ-ਵੱਖ ਪਦਾਰਥਾਂ ਨਾਲ ਮਹਾਕਾਲ ਨੂੰ ਇਸ਼ਨਾਨ ਕਰਵਾਇਆ ਗਿਆ। ਪੂਰੇ ਵਿਧੀ-ਵਿਧਾਨ ਨਾਲ ਮਹਾਕਾਲੇਸ਼ਵਰ ਦੀ ਭਸਮ ਆਰਤੀ ਕੀਤੀ ਗਈ। ਪੁਜਾਰੀਆਂ ਨੇ ਭਸਮ ਆਰਤੀ ਤੋਂ ਬਾਅਦ ਮਹਾਕਾਲੇਸ਼ਵਰ ਦਾ ਵਿਸ਼ੇਸ਼ ਸ਼ਿੰਗਾਰ ਕੀਤਾ। ਜਿਸ ਤੋਂ ਬਾਅਦ ਮੰਦਰ ’ਚ ਸ਼ਰਧਾਲੂਆਂ ਦੇ ਦਰਸ਼ਨ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।