ਫਿਰੋਜ਼ਪੁਰ, 16 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਵਲੋਂ ਚੋਣਾਵੀ ਰੈਲੀ ਕਰ ਕੇ ਜਨਤਾ ਦਾ ਦਿਲ ਜਿੱਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ ’ਤੇ ਆਏ ਹਨ। ਉਨ੍ਹਾਂ ਨੇ ਫਿਰੋਜ਼ਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਿਤ ਕੀਤਾ। ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਨ ਕਰਦਾ ਹਾਂ। ਜਿਸ ਥਾਂ ਅੱਜ ਮੈਂ ਆਇਆ ਹਾਂ, ਉੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਇੱਥੇ ਹੀ ਹੁਸੈਨੀਵਾਲਾ ’ਚ ਇਕ ਸਮਾਰਕ ਬਣਿਆ ਹੋਇਆ ਹੈ। ਫਿਰੋਜ਼ਪੁਰ ’ਚ ਜਦੋਂ ਵੀ ਆਉਂਦੇ ਹਾਂ ਤਾਂ 1965 ਦੀ ਜੰਗ ’ਚ ਸਰਵਉੱਚ ਬਲੀਦਾਨ ਦੇਣ ਵਾਲੇ ਉਨ੍ਹਾਂ ਸਾਰੇ ਵੀਰ ਫੌਜੀਆਂ ਨੂੰ ਪ੍ਰਣਾਮ ਕਰਨ ਦਾ ਮਨ ਹੁੰਦਾ ਹੈ।
ਸ਼ਾਹ ਨੇ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਦ ਹੋਈ ਰੈਲੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ’ਚ ਮੋਦੀ ਜੀ ਦੀ ਰੈਲੀ ਹੋਣਾ ਕਾਂਗਰਸ ਨੂੰ ਬਹੁਤ ਡਰ ਲੱਗਾ। ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ’ਚ ਕੋਈ ਮਹਿਮਾਨ ਆਉਂਦਾ ਹੈ, ਉਹ ਵੀ ਨਰਿੰਦਰ ਮੋਦੀ ਵਰਗਾ ਤਾਂ ਉਸ ਦਾ ਸੁਆਗਤ ਕਰਨਾ ਚਾਹੀਦਾ ਹੈ ਜਾਂ ਨਹੀਂ? ਸੁਆਗਤ ਕਰਨ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਰਾਹ ਰੋਕਣ ਦਾ ਕੰਮ ਕੀਤਾ। ਜੋ ਪ੍ਰਧਾਨ ਮੰਤਰੀ ਦਾ ਰਾਹ ਸੁਰੱਖਿਅਤ ਨਹੀਂ ਰੱਖ ਸਕਦਾ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ।
ਸ਼ਾਹ ਨੇ ਅੱਗੇ ਕਿਹਾ ਕਿ ਸਾਰਾਗੜ੍ਹੀ ਗੁਰਦੁਆਰਾ ਨੂੰ ਮੈਂ ਨਮਨ ਕਰਦਾ ਹੈ। ਅੱਜ ਵੀ ਇਕ ਖ਼ਾਲਸਾ ਜਦੋਂ ਮੈਦਾਨ ’ਚ ਡਟਦਾ ਹੈ ਤਾਂ ਲੱਖਾਂ ਨੂੰ ਕਿਵੇਂ ਪਰੇਸ਼ਾਨ ਕਰਦਾ ਹੈ। ਇਸ ਦਾ ਇਕ ਉਦਾਹਰਨ ਜਿੱਥੇ 20-21 ਖ਼ਾਲਸਾਈ ਸੈਨਿਕਾਂ ਨੇ ਹਜ਼ਾਰਾਂ ਅਫ਼ਗਾਨਾਂ ਦਾ ਮੁਕਾਬਲਾ ਕਰ ਕੇ ਬਹਾਦਰੀ ਦਾ ਇਤਿਹਾਸ ਬਣਾਇਆ। ਮੈਂ ਪੰਜਾਬ ਦੇ ਸਾਰੇ ਹਿੰਦੂ ਅਤੇ ਸਿੱਖਾਂ ਨੂੰ ਕਹਿਣ ਆਇਆ ਹਾਂ ਕਿ ਆਉਣ ਵਾਲੇ 5 ਸਾਲਾਂ ’ਚ ਪੰਜਾਬ ਦੇ ਘਰ-ਘਰ ਅੰਦਰ ਭਾਜਪਾ ਪਾਰਟੀ ਦਾ ‘ਕਲਮ’ ਪਹੁੰਚਾਉਣਾ ਹੈ।