ਨਵੀਂ ਦਿੱਲੀ, 14 ਫਰਵਰੀ (ਬਿਊਰੋ)- ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਗੋਆ ‘ਚ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਤਿੰਨ ਘੰਟਿਆਂ ਬਾਅਦ ਯਾਨੀ 11 ਵਜੇ ਤੱਕ ਉਤਰਾਖੰਡ ‘ਚ 20.97 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਉੱਤਰ ਪ੍ਰਦੇਸ਼ ‘ਚ ਚਾਰ ਘੰਟਿਆਂ ‘ਚ ਔਸਤਨ 23.03 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗੋਆ ‘ਚ 11 ਵਜੇ ਤੱਕ 26.63 ਫੀਸਦੀ ਵੋਟਿੰਗ ਹੋਈ। ਉੱਤਰ ਪ੍ਰਦੇਸ਼ ‘ਚ ਦੂਜੇ ਪੜਾਅ ‘ਚ 9 ਜ਼ਿਲ੍ਹਿਆਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬਦਾਊਂ, ਬਰੇਲੀ ਅਤੇ ਸ਼ਾਹਜਹਾਂਪੁਰ ਦੀਆਂ 55 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ।
ਗੋਆ ਵਿਧਾਨ ਸਭਾ ਦੀਆਂ 40 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਜਿਸ ‘ਚ 301 ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਉੱਥੇ ਹੀ ਉਤਰਾਖੰਡ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਹੋ ਰਹੀ ਹੈ, ਜਿੱਥੇ ਪ੍ਰਦੇਸ਼ ਦੇ 82 ਲੱਖ ਤੋਂ ਵਧ ਵੋਟਰ 632 ਉਮੀਦਵਾਰਾਂ ਦੀ ਕਿਸਮਤ ਨੂੰ ਈ.ਵੀ.ਐੱਮ. ‘ਚ ਕੈਦ ਕਰ ਦੇਣਗੇ। ਦੱਸਣਯੋਗ ਹੈ ਕਿ ਕੋਰੋਨਾ ਫ਼ੈਲਣ ਤੋਂ ਰੋਕਣ ਲਈ ਵੋਟਰਾਂ ਨੂੰ ਵੋਟਿੰਗ ਕੇਂਦਰਾਂ ‘ਤੇ ਦਸਤਾਨੇ ਉਪਲੱਬਧ ਕਰਵਾਏ ਜਾਣਗੇ। ਉੱਤਰ ਪ੍ਰਦੇਸ਼ ‘ਚ 7 ਗੇੜਾਂ ‘ਚ ਵੋਟਿੰਗ ਹੋਵੇਗੀ। ਉਤਰਾਖੰਡ ਅਤੇ ਗੋਆ ‘ਚ ਇਕ ਗੇੜ ਯਾਨੀ 14 ਫਰਵਰੀ ਨੂੰ ਵੀ ਸਾਰੀਆਂ ਸੀਟਾਂ ‘ਤੇ ਵੋਟਿੰਗ ਹੋ ਜਾਵੇਗੀ। ਉੱਥੇ ਹੀ 10 ਮਾਰਚ ਨੂੰ ਨਤੀਜੇ ਆਉਣਗੇ।