ਨਵੀਂ ਦਿੱਲੀ, 19 ਜਨਵਰੀ (ਬਿਊਰੋ)- ਉੱਤਰ-ਪ੍ਰਦੇਸ਼ ’ਚ ਸਿਆਸੀ ਘਮਾਸਾਨ ਜ਼ੋਰਾਂ ’ਤੇ ਹੈ। ਤਮਾਮ ਪਾਰਟੀਆਂ ਦੇ ਨੇਤਾ ਆਪਣੇ ਫਾਇਦੇ ਅਤੇ ਨੁਕਸਾਨ ਦੇ ਹਿਸਾਬ ਨਾਲ ਇਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ। ਇਸ ਦਰਮਿਆਨ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਣਾ ਯਾਦਵ ਬੁੱਧਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਈ। ਅਪਰਣਾ ਯਾਦਵ ਦਾ ਭਾਜਪਾ ’ਚ ਸ਼ਾਮਲ ਹੋਣਾ ਸਮਾਜਵਾਦੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਭਾਜਪਾ ਦੀ ਉੱਤਰ-ਪ੍ਰਦੇਸ਼ ਇਕਾਈ ਤੋਂ ਪ੍ਰਧਾਨ ਸੁਤੰਤਰ ਦੇਵ ਸਿੰਘ, ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਪਾਰਟੀ ਦੇ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ’ਚ ਅਪਰਣਾ ਯਾਦਵ ਨੇ ਭਗਵਾ ਦਲ ਦਾ ਪੱਲਾ ਫੜਿਆ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਅਪਰਣਾ ਯਾਦਵ ਨੇ ਕਿਹਾ ਕਿ ਮੈਂ ਹਮੇਸ਼ਾ ਹੀ ਪੀ.ਐੱਮ. ਮੋਦੀ ਤੋਂ ਪ੍ਰਭਾਵਿਤ ਰਹੀ ਹਾਂ।
ਦੇਸ਼ ਮੇਰੇ ਲਈ ਸਭ ਤੋਂ ਪਹਿਲਾਂ ਹੈ। ਮੈਂ ਹੁਣ ਦੇਸ਼ ਦੀ ਅਰਾਧਨਾ ਕਰਨ ਨਿਕਲੀ ਹਾਂ, ਜਿਸ ਵਿਚ ਮੈਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਪਰਣਾ ਯਾਦਵ 2017 ’ਚ ਵਿਧਾਨ ਸਭਾ ਚੋਣਾਂ ’ਚ ਲਖਨਊ ਕੈਂਟ ਤੋਂ ਸਪਾ ਦੀ ਟਿਕਟ ’ਤੇ ਚੋਣ ਲੜ ਚੁੱਕੀ ਹੈ। ਹਾਲਾਂਕਿ, ਉਨ੍ਹਾਂ ਨੂੰ ਭਾਜਪਾ ਨੇਤਾ ਰੀਤਾ ਬਹੁਗੁਣਾ ਜੋਸ਼ੀ ਦੇ ਹੱਥਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਕੁਝ ਦਿਨਾਂ ਤੋਂ ਅਪਰਣਾ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗੀਆਂ ਜਾ ਰਹੀਆਂਸਨ। ਉਹ ਕਈ ਮੌਕਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿੱਤਿਆਨਾਥ ਦਾ ਤਾਰੀਫ ਕਰ ਚੁੱਕੀ ਹੈ। ਅਪਰਣਾ ਯਾਦਵ ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਪ੍ਰਤੀਕ ਯਾਦਵ ਦੀ ਪਤਨੀ ਹੈ।