ਬਠਿੰਡਾ, 17 ਜਨਵਰੀ (ਬਿਊਰੋ)- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ’ਤੇ ਪੰਜਾਬ ਸਰਕਾਰ ਦੀਆਂ ਲੋੜਵੰਦ ਵਿਅਕਤੀਆਂ ਨੂੰ ਮਿਲ ਰਹੀਆਂ ਸਕੀਮਾਂ ਵਿਚ ਰੁਕਾਵਟਾਂ ਪਾਉਣ ਦੇ ਗੰਭੀਰ ਇਲਜ਼ਾਮ ਲਾਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਵਿਚ 12934 ਸੋਲਰ ਪੁਆਇੰਟ ਗ਼ਰੀਬ ਅਤੇ ਲੋੜਵੰਦ ਵਿਅਕਤੀਆਂ ਦੇ ਘਰਾਂ ਉੱਪਰ ਲਾਏ ਜਾਣੇ ਹਨ। ਇਸ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਬਹੁਤ ਸਮਾਂ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਪ੍ਰਾਈਵੇਟ ਕੰਪਨੀ ਨੂੰ ਇਸ ਟੈਂਡਰ ਨੂੰ ਪੂਰਾ ਕਰਨ ਲਈ ਬਜਟ ਵੀ ਅਲਾਟ ਹੋ ਚੁੱਕਿਆ ਹੈ। ਇਹ ਸਕੀਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਪਹਿਲੇ ਫੇਜ ਰਾਹੀਂ ਕੰਮ ਪੂਰਾ ਹੋਣ ਕਿਨਾਰੇ ਪਹੁੰਚ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵਾਰਡ ਨੰਬਰ 46 ਦੀ ਇਕ ਧਰਮਸ਼ਾਲਾ ਵਿਚ ਕੰਪਨੀ ਵੱਲੋਂ ਸੋਲਰ ਪੈਨਲ ਰੱਖੇ ਹੋਏ ਸਨ, ਜੋ ਡਕੌਦਾ ਬਸਤੀ ਵਿਚ ਲੱਗਣੇ ਸੀ ਪਰ ਮੌਕੇ ’ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਹੁੰਚ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਸਾਬਤ ਹੁੰਦਾ ਹੈ ਕਿ ਸਰੂਪ ਚੰਦ ਸਿੰਗਲਾ ਹਾਰ ਤੋਂ ਬੁਖਲਾਹਟ ਵਿਚ ਆ ਕੇ ਲੋੜਵੰਦ ਵਿਅਕਤੀਆਂ ਨੂੰ ਮਿਲ ਰਹੀ ਸਕੀਮ ਦੇ ਲਾਭ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜੋ ਠੀਕ ਨਹੀਂ, ਜਦੋਂ ਕਿ ਪੰਜਾਬ ਸਰਕਾਰ ਨੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਪਹੁੰਚਾਉਣ ਲਈ ਕਰੋੜਾਂ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਵਿਚ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ’ਤੇ ਵੋਟਾਂ ਦੀ ਮੰਗ ਕਰਨਗੇ ਨਾ ਕਿ ਅਜਿਹੀਆਂ ਸਾਜ਼ਿਸ਼ਾਂ ਰਚ ਕੇ ਗੁੰਮਰਾਹਕੁਨ ਦੀ ਰਾਜਨੀਤੀ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦਿਲ ਜਿੱਤਣ ਨਾਲ ਜਿੱਤ ਮਿਲਦੀ ਹੈ ਨਾ ਕਿ ਗ਼ਰੀਬ ਲੋਕਾਂ ਨੂੰ ਮਿਲ ਰਹੀਆਂ ਸਕੀਮਾਂ ਵਿਚ ਅੜਿੱਕਾ ਪਾ ਕੇ ਵੋਟਾਂ ਮਿਲਦੀਆਂ ਹਨ। ਉਨ੍ਹਾਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਅਜਿਹੀਆਂ ਹੋਛੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ।