ਨਵੀਂ ਦਿੱਲੀ, 4 ਜਨਵਰੀ (ਬਿਊਰੋ)- ਆਮ ਆਦਮ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਰੋਨਾ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਹਲਕੇ ਲੱਛਣ ਹਨ। ਇਸ ਕਰਕੇ ਉਨ੍ਹਾਂ ਨੇ ਖ਼ੁਦ ਨੂੰ ਘਰ ‘ਚ ਆਈਸੋਲੇਟ ਕਰ ਲਿਆ ਹੈ। ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਪਿਛਲੇ ਕੁੱਝ ਦਿਨਾਂ ‘ਚ ਉਨ੍ਹਾਂ ਦੇ ਸੰਪਰਕ ‘ਚ ਆਏ ਹਨ, ਉਹ ਖ਼ੁਦ ਨੂੰ ਆਈਸੋਲੇਟ ਕਰਕੇ ਆਪਣਾ ਟੈਸਟ ਕਰਵਾ ਲੈਣ।
ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ‘ਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ‘ਚ 29 ਦਸੰਬਰ ਨੂੰ ਕੋਰੋਨਾ ਦੇ 923 ਕੇਸ ਦਰਜ ਹੋਏ ਸਨ। ਇਸ ਤੋਂ ਬਾਅਦ 3 ਜਨਵਰੀ ਤੱਕ ਇਸ ਦੀ ਗਿਣਤੀ ਵੱਧ ਕੇ 4 ਹਜ਼ਾਰ ਦੇ ਕਰੀਬ ਹੋ ਗਈ ਹੈ। ਇਹ ਵੀ ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਕੁੱਝ ਦਿਨ ਪਹਿਲਾਂ ਪਟਿਆਲਾ ਦੌਰੇ ‘ਤੇ ਵੀ ਸਨ ਅਤੇ ਚੰਡੀਗੜ੍ਹ ‘ਚ ਵੀ ਉਨ੍ਹਾਂ ਵੱਲੋਂ ਵਿਜੈ ਮਾਰਚ ਕੱਢਿਆ ਗਿਆ ਸੀ।