CM ਚੰਨੀ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਸ਼ਬਦੀ ਹਮਲਾ, ਕਿਹਾ-ਪੰਜਾਬ ਨੂੰ ਯੋਗ ਸੁਆਮੀ ਚਾਹੀਦਾ

navjot/nawanpunjab.com

ਚੰਡੀਗੜ੍ਹ,1 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵੱਡੇ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਨੀ ’ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਯੋਗ ਸੁਆਮੀ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਆਪਣਾ ਵਾਰਿਸ ਖ਼ੁਦ ਚੁਣ ਲਵੇਗੀ। ਦਰਅਸਲ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿਖੇ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਸਗੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਨਿਸ਼ਾਨੇ ਸਾਧੇ। ਚੰਨੀ ’ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਵਰਕਰ ਦਾ ਰੁੱਸ ਕੇ ਜਾਣਾ ਸਭ ਤੋਂ ਖ਼ਤਰਨਾਕ ਹੈ ਅਤੇ ਮੈਂ ਕੋਈ ਇਥੇ ਵਾਅਦੇ ਨਹੀਂ ਕਰਾਂਗਾ ਤੇ ਨੀ ਕੋਈ ਕਸਮਾਂ ਖਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ’ਤੇ ਭਟਕਣ ਨਹੀਂ ਦੇਵਾਂਗਾ।

ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਸਿੱਧੂ ਨੇ ਕਿਹਾ ਕਿ ਅੱਜ ਤੋਂ ਤੁਹਾਡਾ ਦਰਦ ਮੇਰਾ ਦਰਦ ਹੈ। ਉਨ੍ਹਾਂ ਕਿਹਾ ਕਿ ਮੈਂ ਮਰ ਜਾਵਾਂਗਾ ਪਰ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਾਂਗਾ। ਇਸ ਦੇ ਇਲਾਵਾ ਸਿੱਧੂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਪੌਣੇ ਪੰਜ ਸਾਲ ’ਚ ਸਿਰਫ਼ ਇਸ ਨੂੰ ਅੰਦਰ ਕਰੋ, ਉਸ ਨੂੰ ਅੰਦਰ ਕਰੋ ਦੀ ਹੀ ਰਾਜਨੀਤੀ ਹੋਈ ਹੈ। ਇਥੇ ਦੱਸਣਯੋਗ ਹੈ ਕਿ ਅੱਜ ਚੰਡੀਗੜ੍ਹ ਵਿਖੇ ਹਿੰਦੂ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸੰਯੁਕਤ ਹਿੰਦੂ ਮਹਾਸਭਾ ਦਾ ਗਠਨ ਕੀਤਾ ਗਿਆ, ਜਿੱਥੇ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਅਸ਼ਵਨੀ ਸੇਖੜੀ ਨੂੰ ਸੰਯੁਕਤ ਹਿੰਦੂ ਮਹਾਸਭਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਸਤੀਸ਼ ਮਲਹੋਤਰਾ ਪ੍ਰਧਾਨ ਨਿਯੁਕਤ ਕੀਤੇ ਗਏ।

Leave a Reply

Your email address will not be published. Required fields are marked *