ਬਠਿੰਡਾ, 15 ਅਕਤੂਬਰ (ਦਲਜੀਤ ਸਿੰਘ)- ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਵੱਲੋਂ ‘ਜਿਸ ਦੀ ਵੋਟ ਉਸ ਦਾ ਰਾਜ’ ਤਹਿਤ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਦੇਖ-ਰੇਖ ’ਚ ਇਮਾਨਦਾਰ ਅਤੇ ਲੋਕ ਹਿੱਤ ਬਾਰੇ ਸੋਚਣ ਵਾਲੇ ਲੋਕਾਂ ਦੀ ਇਕ ਸਿਆਸੀ ਧਿਰ ਖੜ੍ਹੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਿੱਧੇ ਤੌਰ ’ਤੇ ਰਾਜਨੀਤੀ ਵਿਚ ਨਹੀਂ ਆਉਣਗੇ ਪਰ ਸਾਫ-ਸੁਥਰੇ ਅਕਸ ਵਾਲੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਕ ਰਾਜਨੀਤਿਕ ਚੇਤਨਾ ਪੈਦਾ ਕਰਨਗੇ।ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਕਿਹਾ ਕਿ ਅੱਜ ਕੱਲ੍ਹ ਲੋਕਾਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾ ਲਿਆ ਹੈ। ਰਾਜਨੀਤੀ ਤੋਂ ਪੈਸੇ ਕਮਾਏ ਜਾਂਦੇ ਹਨ ਅਤੇ ਫ਼ਿਰ ਉਸੇ ਪੈਸੇ ਨਾਲ ਹੋਰ ਵੱਡੇ ਪੱਧਰ ’ਤੇ ਰਾਜਨੀਤੀ ਕੀਤੀ ਜਾਂਦੀ ਹੈ ਅਤੇ ਆਪਣੇ ਰਾਜਨੀਤਿਕ ਹਿੱਟ ਸਾਧੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਉਹ ਚੰਗੇ ਲੋਕਾਂ ਨੂੰ ਰਾਜਨੀਤੀ ਵਿਚ ਲਿਆਉਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਉਸ ਰਾਜਨੀਤਿਕ ਧਿਰ ਨੂੰ ਹੀ ਵੋਟਾਂ ਪਾਉਣ ਦੀ ਅਪੀਲ ਕਰਨਗੇ।
ਗੌਰਤਲਬ ਹੈ ਕਿ ਇਕ ਪਾਸੇ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲ ਰਹੀਆਂ ਹਨ ਪਰ ਹਰਿਆਣਾ ਦੇ ਕਿਸਾਨ ਆਗੂ ਚੜੂਨੀ ਪਹਿਲੇ ਹੀ ਦਿਨ ਤੋਂ ਕਿਸਾਨਾਂ ਨੂੰ ਖ਼ੁਦ ਰਾਜਨੀਤੀ ਵਿਚ ਆਉਣ ਅਤੇ ਆਪਣੇ ਕਾਨੂੰਨ ਆਪ ਬਣਾਉਣ ਲਈ ਪ੍ਰੇਰਿਤ ਕਰਦੇ ਆਏ ਹਨ। ਇਸ ਦੌਰਾਨ ਉਨ੍ਹਾਂ ਨੇ ਮਾਲਵਾ ਖ਼ੇਤਰ ’ਚ ਨਰਮੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹੋਏ ਨੁਕਸਾਨ ’ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਆਵਜ਼ੇ ਦੇ ਨਾਂ ’ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ।