ਤਰਨ ਤਾਰਨ,11 ਅਕਤੂਬਰ (ਦਲਜੀਤ ਸਿੰਘ)- ਦਿੱਲੀ ਦੀ ਸਰਹੱਦ ’ਤੇ ਪਿੱਛਲੇ ਕਰੀਬ ਇੱਕ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਸੰਗਰਸ਼ ਕਰ ਰਹੇ ਹਜ਼ਾਰਾਂ ਕਿਸਾਨ ਅੱਜ ਵੀ ਧਰਨੇ ’ਤੇ ਡੱਟ ਕੇ ਬੈਠੇ ਹੋਏ ਹਨ। ਪਿੱਛਲੇ ਦਿਨੀਂ ਯੂ.ਪੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨਾਂ ਨੂੰ ਬੁਰੀ ਤਰਾਂ ਦਰੜਦੇ ਹੋਏ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਦੇਸ਼ ਭਰ ਦੇ ਲੋਕਾਂ ਅਤੇ ਵਪਾਰੀਆਂ ਵਲੋਂ ਨਿਖੇਧੀ ਕੀਤੀ ਗਈ।
ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਕੇਂਦਰੀ ਦਫ਼ਤਰਾਂ ਡਾਕ ਖਾਨੇ, ਬੀ.ਐੱਸ. ਐੱਨ. ਐੱਲ ਦਫ਼ਤਰਾਂ ਦੇ ਬਾਹਰ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਬੇਟੇ ਡਾ. ਸੰਦੀਪ ਅਗਨੀਹੋਤਰੀ ਵਲੋਂ 10 ਤੋਂ 1 ਵਜੇ ਤੱਕ ਮੋਨ ਵਰਤ ਰੱਖਦੇ ਹੋਏ ਧਰਨਾ ਦਿੱਤਾ ਗਿਆ ਹੈ। ਇੱਸ ਮੋਨ ਵਰਤ ਵਿਚ ਸ਼ਹਿਰ ਦੀਆਂ ਵੱਖ ਵੱਖ ਵਪਾਰਕ ਜਥੇਬੰਦੀਆਂ ਜਿਵੇਂ ਕੈਮਿਸਟ ਆਰਗੇਨਾਈਜੇਸ਼ਨ, ਕਰਿਆਨੇ, ਕਪੜਾ, ਸਬਜ਼ੀ, ਫਲ, ਬਜਾਜੀ ਆਦਿ ਯੂਨੀਅਨਾਂ ਦੇ ਮੈਂਬਰ ਸ਼ਾਮਲ ਹੋਏ ਹਨ।