ਫ਼ਰੀਦਕੋ,6 ਅਕਤੂਬਰ (ਦਲਜੀਤ ਸਿੰਘ)- ਸਥਾਨਕ ਜ਼ਿਲ੍ਹਾ ਕਚਹਿਰੀਆਂ ਵਿਚ ਪੇਸ਼ੀ ਭੁਗਤਣ ਆਏ ਦੋ ਕਤਲ ਮਾਮਲਿਆਂ ’ਚ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਤ ਮੁਲਜ਼ਮਾਂ, ਜਿਨ੍ਹਾਂ ਨੂੰ ਪੇਸ਼ੀ ਭੁਗਤਾਉਣ ਤੋਂ ਪਹਿਲਾਂ ਬਖ਼ਸ਼ੀ ਖਾਨੇ ਵਿਚ ਬੰਦ ਕੀਤਾ ਹੋਇਆ ਸੀ, ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝੜਪ ਪਏ। ਇਸ ਦੌਰਾਨ ਹੋਈ ਮੁੱਠ ਭੇੜ ਵਿਚ ਚਾਰ ਦੇ ਕਰੀਬ ਹਵਾਲਾਤੀ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਇਸੇ ਸਾਲ ਬੀਤੇ ਫ਼ਰਵਰੀ ਮਹੀਨੇ ਵਿਚ ਹੋਏ ਗੁਰਲਾਲ ਭਲਵਾਨ ਕਤਲ ਕਾਂਡ ਅਤੇ ਕਰੀਬ ਢਾਈ ਤਿੰਨ ਮਹੀਨੇ ਪਹਿਲਾਂ ਕੋਟਕਪੂਰਾ-ਜਲਾਲੇਆਣਾ ਰੋਡ ’ਤੇ ਹੋਈ ਗੈਂਗਵਾਰ ਜਿਸ ਵਿਚ ਗੋਲੀ ਲੱਗਣ ਨਾਲ ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਦੇ ਮੁਲਜ਼ਮਾਂ ਦੀ ਸਥਾਨਕ ਅਦਾਲਤਾਂ ਵਿਚ ਪੇਸ਼ੀ ਸੀ।
ਪੇਸ਼ੀ ਤੋਂ ਪਹਿਲਾਂ ਸੁਰੱਖਿਆ ਕਰਮਚਾਰੀਆਂ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਕਚਹਿਰੀਆਂ ਵਿਚ ਬਣੇ ਬਖ਼ਸ਼ੀ ਖਾਨੇ ਵਿਚ ਬੰਦ ਕੀਤਾ ਹੋਇਆ ਸੀ, ਜਿੱਥੇ ਦੋਵਾਂ ਗਰੁੱਪਾਂ ਦੀ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਮਾਮਲਾ ਹੱਥੋਪਾਈ ’ਤੇ ਉੱਤਰ ਆਇਆ ਅਤੇ ਇਸ ਦੌਰਾਨ ਦੋਵੇਂ ਧਿਰਾਂ ਬਖ਼ਸ਼ੀ ਖਾਨੇ ਵਿਚ ਪੀਣ ਵਾਲੇ ਪਾਣੀ ਦੇ ਭਰ ਕੇ ਰੱਖੇ ਘੜੇ ਇਕ ਦੂਸਰੇ ’ਤੇ ਚਲਾ ਦਿੱਤੇ ਜਿਸ ਵਿਚ ਦੋਵਾਂ ਗੁੱਟਾਂ ਦੇ 3 ਤੋਂ 4 ਹਵਾਲਾਤੀ ਜ਼ਖ਼ਮੀ ਹੋ ਗਏ। ਇਸ ਘਟਨਾਂ ਦੀ ਖ਼ਬਰ ਮਿਲਦਿਆਂ ਹੀ ਐੱਸ.ਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ, ਡੀ.ਐੱਸ.ਪੀ ਰਵੀ ਸ਼ੇਰ ਸਿੰਘ, ਸੀ.ਆਈ.ਏ ਮੁਖੀ ਹਰਬੰਸ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਲਾਭ ਸਿੰਘ ਨੇ ਮੌਕੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਪ੍ਰੰਤੂ ਉਦੋਂ ਤੱਕ ਸੁਰੱਖਿਆ ਕਰਮਚਾਰੀਆਂ ਵੱਲੋਂ ਸਥਿਤੀ ’ਤੇ ਕਾਬੂ ਪਾ ਲਿਆ ਗਿਆ ਸੀ।