ਮੁੱਖ ਮੰਤਰੀ ਤੇ ਮੰਤਰੀ ਕਿਸ ਨੂੰ ਬਣਾਈਏ, ਹੁਣ ਦਿੱਲੀ ਤੋਂ ਫੈਸਲੇ ਹੋਣ ਲੱਗੇ : ਸੁਖਬੀਰ ਬਾਦਲ

badal/nawanpunjab.com

ਲੁਧਿਆਣਾ, 5 ਅਕਤੂਬਰ (ਦਲਜੀਤ ਸਿੰਘ)- ਮਹਾਨਗਰ ਵਿਖੇ ਤੂਫ਼ਾਨੀ ਦੌਰੇ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਰੋਡ ਸਥਿਤ ਸ਼੍ਰੀ ਰਾਮ ਦਰਬਾਰ ਮੰਦਰ ਅਤੇ ਧਰਮਸ਼ਾਲਾ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਤੇ ਮੰਤਰੀ ਕਿਸ ਨੂੰ ਬਣਾਉਣਾ ਹੈ, ਇਸ ਦੇ ਫੈਸਲੇ ਹੁਣ ਦਿੱਲੀ ਤੋਂ ਹੋਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਨਾ ਸੀ. ਐੱਮ. ਦਾ ਪਤਾ, ਨਾ ਹੀ ਮੰਤਰੀਆਂ ਦਾ। ਜਦੋਂ ਪਰਿਵਾਰ ਦਾ ਮੁਖੀਆ ਹੀ ਘਰ ’ਚ ਕੋਈ ਫੈਸਲਾ ਨਾ ਲੈ ਸਕੇ ਤਾਂ ਘਰ ਪਰਿਵਾਰ ਕੀ ਖਾਕ ਸੰਭਾਲੇਗਾ। ਉਨ੍ਹਾਂ ਦਾ ਇਸ਼ਾਰਾ ਕਾਂਗਰਸ ਵੱਲ ਸੀ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਾਰਟੀ ਦਾ ਉੱਚ ਪੱਧਰੀ ਵਫਦ ਲਖੀਮਪੁਰ ਖੀਰੀ ਲਈ ਰਵਾਨਾ ਹੋ ਚੁੱਕਾ ਹੈ। ਇਹ ਵਫਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਦੇ ਸਪੁੱਤਰ ਅਸ਼ੀਸ਼ ਮਿਸ਼ਰਾ ਨੇ ਗੱਡੀ ਥੱਲੇ ਕੁਚਲ ਦੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਨਿਰਦਈ ਹਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਪਾਰਟੀ ਦੇ ਵਫਦ ਤੋਂ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਉਲੀਕੀ ਜਾਵੇਗੀ ਤੇ ਜਲੰਧਰ ਵਿਖੇ ਹੋਣ ਵਾਲਾ ਕੱਲ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਸਿਆਸੀ ਮਜਬੂਰੀਆਂ ਤੋਂ ਉੱਪਰ ਉੱਠ ਕੇ ਕੇਂਦਰੀ ਗ੍ਰਹਿ ਮੰਤਰੀ ਦੇ ਸਪੁੱਤਰ ਅਸ਼ੀਸ਼ ਮਿਸ਼ਰਾ ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ, ਨਹੀਂ ਤਾਂ ਕਿਸਾਨਾਂ ਦਾ ਕਤਲ ਯੋਗੀ ਸਰਕਾਰ ਦੇ ਮੱਥੇ ’ਤੇ ਕਲੰਕ ਦੀ ਤਰ੍ਹਾਂ ਲੱਗ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਾਉਮੇ ਤੇ ਹੰਕਾਰ ਨੂੰ ਛੱਡ ਕੇ 3 ਖੇਤੀ ਕਾਨੂੰਨ ਤੁਰੰਤ ਰੱਦ ਕਰਨ। ਇਸ ਮੌਕੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਗਰੇਵਾਲ, ਸਾਬਕਾ ਮੰਤਰੀ ਬਲਵਿੰਦਰ ਸਿੰਘ ਸੰਧੂ ਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *