ਚੰਡੀਗੜ੍ਹ, 25 ਸਤੰਬਰ (ਦਲਜੀਤ ਸਿੰਘ)- ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾ ਪਲਟ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੀ ਨਵੀਂ ਟੀਮ ਕੱਲ੍ਹ ਸਾਢੇ ਚਾਰ ਵਜੇ ਸਹੁੰ ਚੁੱਕੇਗੀ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ ਹੈ। ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਸੂਚੀ ਰਾਜਪਾਲ ਨੂੰ ਸੌਂਪ ਦਿੱਤੀ ਹੈ ਅਤੇ ਰਾਜਪਾਲ ਐਤਵਾਰ ਨੂੰ ਸਾਢੇ ਚਾਰ ਵਜੇ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਕੱਲ੍ਹ ਸ਼ਾਮ ਤੋਂ ਬਾਅਦ ਮੰਤਰੀ ਮੰਡਲ ਦੀ ਤਸਵੀਰ ਵੀ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਨਵੀਂ ਵਜ਼ਾਰਤ ਵਿਚ 7 ਨਵੇਂ ਚਹਿਿਰਆਂ ਨੂੰ ਸ਼ਾਮਲ ਕੀਤਾ ਜਾਣਾ ਹੈ। 7ਨਵੇਂ ਮੰਤਰੀਆਂ ਸਣੇ ਕੁੱਲ 15 ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਇਲਾਵਾ 8 ਪੁਰਾਣੇ ਮੰਤਰੀਆਂ ਦੀ ਵਜ਼ਾਰਤ ’ਚੋਂ ਛੁੱਟੀ ਹੋਵੇਗੀ। ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਭਾਵੇਂ ਸਹੁੰ ਚੁੱਕ ਸਮਾਗਮ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਅਜੇ ਵੀ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਹੜੇ ਕਿਹੜੇ ਆਗੂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ।
ਇਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ ’ਚ ਕੀਤਾ ਜਾ ਸਕਦੈ ਸ਼ਾਮਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬੱਕ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚਰਨਜੀਤ ਚੰਨੀ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਪੰਜਾਬ ਦੀ ਨਵੀਂ ਕੈਬਨਿਟ ਦੇ ਵਿਸਥਾਰ ਲਈ ਚੰਨੀ ਵਲੋਂ ਲਗਾਤਾਰ ਹਾਈਕਮਾਨ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਪੰਜਾਬ ਦੇ ਨਵੀਂ ਕੈਬਨਿਟ ਲਈ ਮੰਤਰੀਆਂ ਦੇ ਨਾਂ ਸ਼ੁੱਕਰਵਾਰ ਦੇਰ ਰਾਤ ਰਾਹਲੁ ਗਾਂਧੀ ਨਾਲ ਹੋਈ ਮੀਟਿੰਗ ਵਿਚ ਤੈਅ ਹੋ ਗਏ ਸਨ। ਚਰਚਾ ਇਹ ਵੀ ਸੀ ਕਿ ਸੋਮਵਾਰ ਨੂੰ ਨਵੇਂ ਚੁਣੇ ਜਾਣ ਵਾਲੇ ਵਜ਼ੀਰਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਹੀ ਚਰਨਜੀਤ ਚੰਨੀ ਵਲੋਂ ਰਾਜਪਾਲ ਨਾਲ ਮੁਲਾਕਾਤ ਕਰਕੇ ਐਤਵਾਰ ਦਾ ਦਿਨ ਫਾਈਨਲ ਕਰ ਲਿਆ ਹੈ।