ਫਿਲੌਰ : ਮਾਡਲ ਤੇ ਹੀਰੋਇਨ ਹਿਮਾਂਸ਼ੀ ਖੁਰਾਣਾ (Himanshi Khurana) ਦੇ ਪਿਤਾ ਕੁਲਦੀਪ ਖੁਰਾਣਾ ਨੂੰ ਪੁਲਿਸ ਨੇ ਉਸ ਦੇ ਘਰੋਂ ਗਿ੍ਫ਼ਤਾਰ ਕੀਤਾ ਹੈ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਕੁਲਦੀਪ ਖੁਰਾਣਾ ਖ਼ਿਲਾਫ਼ 5 ਮਹੀਨੇ ਪਹਿਲਾਂ ਨਾਇਬ ਤਹਿਸੀਲਦਾਰ ’ਤੇ ਹਮਲਾ ਕਰਨ ਤੇ ਗਾਲੀ-ਗਲੋਚ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐਤਵਾਰ ਦੁਪਹਿਰ ਨੂੰ ਫਿਲੌਰ ਦੀ ਅਦਾਲਤ ਦੇ ਬਾਹਰ ਮੌਜੂਦ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ 5 ਮਹੀਨੇ ਪਹਿਲਾਂ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੀ ਡਿਊਟੀ ਲਈ ਦਫ਼ਤਰ ਤੋਂ ਬਾਹਰ ਜਾ ਰਿਹਾ ਸੀ ਤਾਂ ਦੂਜੇ ਪਾਸਿਓਂ ਕੁਲਦੀਪ ਖੁਰਾਣਾ ਆਏ ਤੇ ਉਸ ’ਤੇ ਹਮਲਾ ਬੋਲਦੇ ਹੋਏ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੇ ਨਾਲ ਮੌਜੂਦ ਇਕ ਮੁਲਾਜ਼ਮ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ।
ਪੁਲਿਸ ਨੇ ਜਾਂਚ ਤੋਂ ਬਾਅਦ ਕੁਲਦੀਪ ਖੁਰਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਖੁਰਾਣਾ ਨੂੰ ਗਿ੍ਫ਼ਤਾਰ ਕਰਨ ਲਈ ਲੁਧਿਆਣਾ ’ਚ ਉਨ੍ਹਾਂ ਦੇ ਘਰ ਗਈ ਤਾਂ ਸ਼ਨਿਚਰਵਾਰ ਰਾਤ ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਖੁਰਾਣਾ ਉਸ ਦੇ ਘਰ ਮੌਜੂਦ ਹੈ ਤਾਂ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਜਿਨ੍ਹਾਂ ਨੂੰ ਐਤਵਾਰ ਨੂੰ ਫਿਲੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਕੁਲਦੀਪ ਖੁਰਾਣਾ ਨੂੰ 14 ਦਿਨਾਂ ਲਈ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ।