ਝਬਾਲ : ਤਰਨਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਲਾਲੂਘੁੰਮਣ ਵਿਖੇ ਆਮ ਆਦਮੀ ਪਾਰਟੀ ਦੇ ਸਮਰਥਕ ਸਰਪੰਚ ਤੇ ਉਨ੍ਹਾਂ ਦੇ ਸਾਥੀ ’ਤੇ ਅੰਨ੍ਹੇਵਾਹ ਗੋਲ਼ੀਬਾਰ ਕਰ ਦਿੱਤੀ। ਇਸ ਗੋਲ਼ੀਬਾਰੀ ’ਚ ਸਰਪੰਚ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਕ ਪਿੰਡ ਵਾਸੀ ਨੇ ਜਦੋਂ ਹਮਲਾ ਕਰ ਕੇ ਫ਼ਰਾਰ ਹੋ ਰਹੇ ਸ਼ੂਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ’ਤੇ ਵੀ ਗੋਲ਼ੀ ਚਲਾ ਦਿੱਤੀ, ਜਿਹੜੀ ਉਸ ਦੇ ਪੈਰ ’ਚ ਲੱਗੀ। ਇਸ ਵਾਰਦਾਤ ’ਚ ਸ਼ੂਟਰਾਂ ਨੇ 12 ਗੋਲ਼ੀਆਂ ਚਲਾਈਆਂ। ਸੂਚਨਾ ਦੇਣ ਦੇ ਬਾਵਜੂਦ ਵਾਰਦਾਤ ਤੋਂ ਕਰੀਬ 40 ਮਿੰਟ ਬਾਅਦ ਪੁੱਜੀ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਪਰ ਹਮਲਵਾਰਾਂ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਲਾਲੂਘੁੰਮਣ ਵਿਖੇ ਬਿਨਾਂ ਮੁਕਾਬਲਾ ਚੁਣੇ ਗਏ ਆਮ ਆਦਮੀ ਪਾਰਟੀ ਦੇ ਸਰਪੰਚ ਪ੍ਰਤਾਪ ਸਿੰਘ ਐਤਵਾਰ ਨੂੰ ਆਪਣੇ ਸਾਥੀ ਬੁੱਧ ਸਿੰਘ ਨਾਲ ਦੁਪਹਿਰ ਕਰੀਬ ਡੇਢ ਵਜੇ ਪਿੰਡ ਦੇ ਗੁਰਦੁਆਰੇ ’ਚ ਰਖਵਾਏ ਗਏ ਭੋਗ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਗੁਰਦੁਆਰੇ ’ਚੋਂ ਬਾਹਰ ਨਿਕਲੇ ਸਨ। ਉੱਥੇ ਪਹਿਲਾਂ ਹੀ ਉਡੀਕ ਕਰ ਰਹੇ ਨਕਾਬਪੋਸ਼ ਬਾਈਕ ਸਵਾਰ ਦੋ ਸ਼ੂਟਰਾਂ ਨੇ ਪਿਸਤੌਲਾਂ ਨਾਲ ਪਿੱਛਿਓਂ ਉਨ੍ਹਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਪ੍ਰਤਾਪ ਸਿੰਘ ਦੀ ਪਿੱਠ ’ਚ ਚਾਰ ਗੋਲ਼ੀਆਂ ਲੱਗੀਆਂ। ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਬੁੱਧ ਸਿੰਘ ਦੇ ਗੋਡੇ ’ਚ ਇਕ ਗੋਲ਼ੀ ਆਰ-ਪਾਰ ਹੋ ਗਈ ਤੇ ਦੂਜੀ ਗੋਲ਼ੀ ਉਨ੍ਹਾਂ ਦੀ ਪੱਗ ਨੂੰ ਚੀਰਦੀ ਹੋਈ ਨਿਕਲ ਗਈ। ਫਾਇਰਿੰਗ ਕਰਨ ਮਗਰੋਂ ਭੱਜਣ ਲੱਗੇ ਸ਼ੂਟਰਾਂ ਦਾ ਮੌਕੇ ’ਤੇ ਮੌਜੂਦ ਪਿੰਡ ਵਾਲਿਆਂ ਨੇ ਪਿੱਛਾ ਕੀਤਾ। ਇਸ ਨਾਲ ਬਾਈਕ ’ਤੇ ਬੈਠਾ ਇਕ ਸ਼ੂਟਰ ਡਿੱਗ ਗਿਆ, ਜਿਸ ਨੂੰ ਭਗਵੰਤ ਸਿੰਘ ਨਾਂ ਦੇ ਪਿੰਡ ਵਾਸੀ ਨੇ ਫੜਨ ਦੀ ਕੋਸ਼ਿਸ਼ ਕੀਤੀ। ਏਨੇ ’ਚ ਬਾਈਕ ਸਵਾਰ ਦੂਜੇ ਸ਼ੂਟਰ ਨੇ ਗੋਲ਼ੀਆਂ ਚਲਾ ਦਿੱਤੀਆਂ। ਇਕ ਗੋਲ਼ੀ ਭਗਵੰਤ ਸਿੰਘ ਦੇ ਪੈਰ ’ਚ ਲੱਗੀ। ਇਸ ਦੇ ਨਾਲ ਹੀ ਇੰਦਰਜੀਤ ਨਾਂ ਦਾ ਇਕ ਪਿੰਡ ਵਾਸੀ ਵੀ ਜ਼ਖ਼ਮੀ ਹੋ ਗਿਆ। ਅਫਰਾ-ਤਫਰੀ ’ਚ ਦੋਵੇਂ ਸ਼ੂਟਰ ਭੱਜ ਨਿਕਲੇ। ਤਿੰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਤਾਂ ਕਰੀਬ 40 ਮਿੰਟ ਬਾਅਦ ਪੁਲਿਸ ਮੌਕੇ ’ਤੇ ਪੁੱਜੀ। ਇਲਾਕੇ ਦੀ ਨਾਕਾਬੰਦੀ ਕਰਵਾਈ ਗਈ ਪਰ ਸ਼ੂਟਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ।