Uproar in J&K Assembly: ਧਾਰਾ 370 ਦੇ ਮਤੇ ਨੂੰ ਲੈ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ

ਸ੍ਰੀਨਗਰ, Uproar in J&K Assembly: ਜੰਮੂ-ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮੀ ਮਗਰੋਂ ਮੁਲਤਵੀ ਕਰ ਦਿੱਤੀ ਗਈ। ਬੁੱਧਵਾਰ ਨੂੰ ਧਾਰਾ 370 ਦੀ ਬਹਾਲੀ ਦਾ ਮਤਾ ਪਾਸ ਕੀਤੇ ਜਾਣ ਦਾ ਵਿਰੋਧ ਕਰ ਰਹੇ ਭਾਜਪਾ ਵਿਧਾਇਕਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਪੀਕਰ ਅਬਦੁਲ ਰਹੀਮ ਰਾਥਰ ਨੇ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ।

ਭਾਜਪਾ ਆਗੂਆਂ ਨੇ ਕਿਹਾ ਹੈ ਕਿ ਦੇਸ਼ ਦੀ ਸੰਸਦ ਵੱਲੋਂ ਧਾਰਾ 370 ਨੂੰ ਰੱਦ ਕਰਨ ਅਤੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਕਾਰਵਾਈ ਨੂੰ ਬਰਕਰਾਰ ਰੱਖਣ ਤੋਂ ਬਾਅਦ ਇਸਦੀ ਦੀ ਬਹਾਲੀ ਲਈ ਮਤਾ ਪਾਸ ਕਰਨਾ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ। ਵਿਧਾਨ ਸਭਾ ਵਿੱਚ ਭਾਜਪਾ ਦੇ ਵਿਰੋਧ ਨੂੰ ਸੱਤਾਧਾਰੀ ਐਨਸੀ ਵਿਧਾਇਕਾਂ ਅਤੇ ਹੋਰਾਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਗਿਆ ਜਿਨ੍ਹਾਂ ਨੇ ਮਤੇ ਦੇ ਸਮਰਥਨ ਵਿੱਚ ਵੋਟ ਦਿੱਤੀ।

ਜੰਮੂ-ਕਸ਼ਮੀਰ ਨੂੰ ਧਾਰਾ 370 ਦੇ ਤਹਿਤ ਦਿੱਤੇ ਗਏ ਵਿਸ਼ੇਸ਼ ਦਰਜੇ ’ਤੇ ਭਾਜਪਾ ਦੇ ਮੈਂਬਰਾਂ ਵੱਲੋਂ ਸਖ਼ਤ ਰਾਏ ਦੇਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਸਪੀਕਰ ਅਬਦੁਲ ਰਹੀਮ ਰਾਥਰ ਨੇ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੰਗਾਮੇ ਨੂੰ ਰੋਕਣ ਲਈ ਉਨ੍ਹਾਂ ਦੀਆਂ ਵਾਰ-ਵਾਰ ਕੋਸ਼ਿਸ਼ਾਂ ਨਾਕਾਮ ਹੋਣ ’ਤੇ ਉਨ੍ਹਾਂ ਨੇ ਸਦਨ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ। ਭਾਜਪਾ ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਮਤਾ ਵਾਪਸ ਲੈਣ ਤੱਕ ਵਿਧਾਨ ਸਭਾ ਦੀ ਕਾਰਵਾਈ ਨਹੀਂ ਚੱਲਣ ਦੇਣਗੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਨੇ ਕੱਲ੍ਹ ਧਾਰਾ 370 ਦੀ ਬਹਾਲੀ ਲਈ ਮਤਾ ਪਾਸ ਕੀਤਾ ਸੀ। ਇਹ ਮਤਾ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਵੱਲੋਂ ਪੇਸ਼ ਕੀਤਾ ਗਿਆ ਅਤੇ ਐਨਸੀ ਆਗੂ ਤੇ ਮੰਤਰੀ ਸਕੀਨਾ ਮਸੂਦ ਨੇ ਇਸ ਕਦਮ ਦੀ ਹਮਾਇਤ ਕੀਤੀ।

Leave a Reply

Your email address will not be published. Required fields are marked *