ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲੇ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ‘ਆਪ’ ਨੇ ਦੋਸ਼ ਲਗਾਇਆ ਹੈ ਕਿ ਵਿਕਾਸਪੁਰੀ ’ਚ ਪੈਦਲ ਯਾਤਰਾ ਦੌਰਾਨ ਭਾਜਪਾ ਦੇ ਲੋਕਾਂ ਨੇ ਕੇਜਰੀਵਾਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਆਪ’ ਨੇ ਕਿਹਾ ਕਿ ਹਮਲਾ ਕਰਨ ਲਈ ਭਾਜਪਾ ਦੇ ਲੋਕ ਕੇਜਰੀਵਾਲ ਦੇ ਨਜ਼ਦੀਕ ਤੱਕ ਕਿਵੇਂ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ? ਉੱਧਰ, ਭਾਜਪਾ ਨੇ ਕਿਹਾ ਕਿ ਲੋਕ ਵਿਰੋਧ ਨੂੰ ਕੇਜਰੀਵਾਲ ਤੇ ਹਮਲਾ ਦੱਸ ਕੇ ‘ਆਪ’ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਛਮੀ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਨੇ ਵਿਕਾਸਪੁਰੀ ’ਚ ਕੇਜਰੀਵਾਲ ਨਾਲ ਅਜਿਹੀ ਕੋਈ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਆਮ ਆਦਮੀ ਪਾਰਟੀ ਇਕ ਰਣਨੀਤੀ ਤਹਿਤ ਦਿੱਲੀ ਭਰ ’ਚ ਪੈਦਲ ਯਾਤਰਾ ਕਰ ਰਹੀ ਹੈ। ਪਾਰਟੀ ਦੇ ਪ੍ਰਮੁੱਖ ਆਗੂ ਤੇ ਕੈਬਨਿਟ ਮੰਤਰੀ ਹਰ ਰੋਜ਼ ਪੈਦਲ ਯਾਤਰਾਵਾਂ ਕਰ ਰਹੇ ਹਨ। ਇਨ੍ਹਾਂ ਦਾ ਪਹਿਲਾਂ ਪ੍ਰੋਗਰਾਮ ਵੀ ਜਾਰੀ ਹੋ ਰਿਹਾ ਹੈ ਪਰ ਇਸਦੇ ਵਿਚ-ਵਿਚ ਅਰਵਿੰਦ ਕੇਜਰੀਵਾਲ ਵੀ ਅਚਾਨਕ ਪੈਦਲ ਯਾਤਰਾਵਾਂ ਕਰ ਰਹੇ ਹਨ। ਇਸੇ ਪੜਾਅ ’ਚ ਕੇਜਚਰੀਵਾਲ ਸ਼ੁੱਕਰਵਾਰ ਸ਼ਾਮ ਨੂੰ ਵਿਕਾਸਪੁਰੀ ’ਚ ਸਨ। ਜਿੱਥੇ ਭਾਜਪਾ ’ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ‘ਆਪ’ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਕਸ ’ਤੇ ਪੋਸਟ ਕਰ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਰਵਿੰਦ ਕੇਜਰੀਵਾਲ ’ਤੇ ਹੋਇਆ ਹਮਲਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਸਾਫ਼ ਹੈ ਕਿ ਭਾਜਪਾ ਨੇ ਆਪਣੇ ਲੋਕਾਂ ਤੋਂ ਇਹ ਹਮਲਾ ਕਰਾਇਆ ਹੈ। ਕਿਹਾ ਕਿ ਕੇਜਰੀਵਾਲ ਨੂੰ ਕੁਝ ਹੁੰਦਾ ਹੈ ਤਾਂ ਉਸਦੀ ਪੂਰੀ ਜ਼ਿੰਮੇਵਾਰੀ ਭਾਜਪਾ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ, ‘ਆਪ’ ਆਪਣੇ ਮਿਸ਼ਨ ’ਤੇ ਡਟੀ ਰਹੇਗੀ। ਕੇਜਰੀਵਾਲ ਨੂੰ ਭਾਜਪਾ ਨੇ ਪਹਿਲਾਂ ਜੇਲ੍ਹ ’ਚ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕੀਤਾ ਹੈ ਤੇ ਉਹ ਆਪਣੀ ਦਿੱਲੀ ਦੀ ਜਨਤਾ ਨੂੰ ਮਿਲਣ ਰੋਜ਼ ਬਾਹਰ ਨਿਕਲ ਰਹੇ ਹਨ, ਤਾਂ ਭਾਜਪਾ ਉਨ੍ਹਾਂ ਨੂੰ ਆਪਣੇ ਲੋਕਾਂ ਵਲੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।