ਪੀਟੀਆਈ : ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੁਰਾਣੇ ਸਮਝੌਤੇ ਨੂੰ ਫਿਰ ਤੋਂ ਅਗਲੇ ਪੰਜ ਸਾਲ ਲਈ ਲਾਗੂ ਕਰਨ ’ਤੇ ਸਹਿਮਤੀ ਬਣ ਗਈ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਤੀਰਥ ਯਾਤਰੀਆਂ ਦੀ ਮੰਗ ਨੂੰ ਦੇਖਦਿਆਂ ਪਾਕਿਸਤਾਨ ਨੇ ਪ੍ਰਤੀ ਤੀਰਥ ਯਾਤਰੀ ਲਗਾਏ ਜਾਣ ਵਾਲੇ 20 ਅਮਰੀਕੀ ਡਾਲਰ ਦੀ ਸੇਵਾ ਫੀਸ ਹਟਾਉਣ ਦੇ ਸਬੰਧ ਵਿਚ ਭਾਰਤ ਨੇ ਇਕ ਵਾਰ ਫਿਰ ਗਵਾਂਢੀ ਦੇਸ਼ ਨੂੰ ਕੋਈ ਫੀਸ ਨਾ ਲੈਣ ਲਈ ਕਿਹਾ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰਾਜਦੂਤ ਚੈਨਲਾਂ ਰਾਹੀਂ ਇਹ ਸਹਿਮਤੀ ਬਣੀ ਹੈ। ਇਸ ਤੋਂ ਪਹਿਲਾਂ 24 ਅਕਤੂਬਰ 2019 ਨੂੰ ਦੋਵੇਂ ਦੇਸ਼ਾਂ ਵਿਚਾਲੇ ਪੰਜ ਸਾਲ ਸਾਲ ਲਈ ਮਸਝੌਤਾ ਹੋਇਆ ਸੀ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਪੋਸਟ ਪਾ ਕੇ ਕਿਹਾ ਹੈ ਕਿ ਇਸ ਸਮਝੌਤੇ ਨੂੰ ਪੰਜ ਸਾਲ ਹੋਰ ਵਧਾਉਣਾ ਸਿੱਖ ਸੰਗਤ ਲਈ ਰਾਹਤ ਵਾਲੀ ਖਬਰ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕੀਤੀ ਜਾ ਰਹੀ ਹੈ ਕਿ ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਦੂਰੀਆਂ ਨੂੰ ਘੱਟ ਕਰਨ ਦੀ ਦਿਸ਼ਾ ‘ਚ ਇਕ ਅਹਿਮ ਕਦਮ ਸਾਬਤ ਹੋਵੇਗਾ।