ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, ਕਿਹਾ- ਜ਼ਿਮਨੀ ਚੋਣਾਂ ਲਈ ਸੁਖਬੀਰ ਬਾਦਲ ਨੂੰ ਕੋਈ ਛੋਟ ਨਹੀਂ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਮਨੀ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ਵਿਚ ਵਿਚਰਣ ਲਈ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਆਪਣਾ ਫੈਸਲਾ ਸੁਣਾਉਂਦਿਆ ਕਿਹਾ ਕਿ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਸੱਤ ਮੈਂਬਰ ਵਫਦ ਆਇਆ ਸੀ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਰਾਹਤ ਦੇਣ ਦੀ ਆਪਣੀ ਗੱਲ ਰੱਖੀ ਸੀ। ਜਥੇਦਾਰ ਨੇ ਕਿਹਾ ਕਿ ਤਨਖਾਹੀਏ ਦੀ ਇਕ ਪਰਿਭਾਸ਼ਾ ਹੁੰਦੀ ਹੈ ਜਿਨ੍ਹੀ ਦੇਰ ਉਹ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਫਸੀਲ ਤੋਂ ਲੱਗੀ ਤਨਖਾਹ ਪੂਰੀ ਨਹੀਂ ਕਰ ਸਕਦਾ ਉਸ ਵਕਤ ਤੱਕ ਉਹ ਤਨਖਾਹੀਆ ਹੀ ਹੈ। ਉਸ ਨੂੰ ਤਨਖਾਹ ਲੱਗਾ ਕੇ ਪੂਰੀ ਕਰਨੀ ਜਰੂਰੀ ਹੈ।ਅਜੇ ਫੈਸਲਾ ਰਾਖਵਾਂ ਰੱਖਿਆ ਗਿਆ ਕੁਝ ਸਮੇਂ ਬਾਅਦ ਮੀਟਿੰਗ ਹੋਵੇਗੀ, ਪੰਜ ਸਿੰਘ ਸਾਹਿਬਾਨ ਮੀਟਿੰਗ ਵਿਚ ਵਿਚਾਰ ਕਰਕੇ ਅਗਲਾ ਫੈਸਲਾ ਲੈਣਗੇ। ਜੇਕਰ ਸਿੱਖ ਤਨਖਾਹੀਆ ਹੈ ਤਾਂ ਉਸ ਦੇ ਮੁਤਾਬਿਕ ਹੀ ਚਲਣਾ ਚਾਹੀਦਾ ਹੈ।

ਬੀਬੀ ਜਗੀਰ ਕੌਰ ਦੇ ਹੱਕ ਵਿਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਸਹਿਯੋਗ ਕਰਦਿਆਂ ਮੈਂਬਰਾਂ ‘ਤੇ ਦਬਾਅ ਬਣਾਉਣ ‘ਤੇ ਜਥੇਦਾਰ ਨੇ ਕਿਹਾ ਕਿ ਹਮੇਸ਼ਾ ਹੀ ਜਦੋਂ ਕੋਈ ਚੋਣ ਹੁੰਦੀ ਹੈ ਹਰ ਸਾਲ ਇਹੋ ਜਿਹੜੀਆਂ ਗੱਲਾਂ ਉਠਦੀਆਂ ਹਨ। ਸਰਕਾਰਾਂ ਨੂੰ ਇਸ ਤਰਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਸਾਡੀ ਇੱਕ ਆਪਣੀ ਸ਼ਹੀਦਾਂ ਦੀ ਜਥੇਬੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਦੇ ਕੰਮਕਾਜ ਵਿਚ ਸਰਕਾਰਾਂ ਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸੰਸਥਾ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਵਿੱਚ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਮਿਲਿਆ ਸੀ। ਵਫਦ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਕਾਰਨ ਪਾਰਟੀ ਦੇ ਹੋ ਰਹੇ ਨੁਕਸਾਨ ਬਾਰੇ ਜਥੇਦਾਰ ਨੂੰ ਜਾਣੂ ਕਰਵਾਉਂਦਿਆਂ ਬੇਨਤੀ ਕੀਤੀ ਕੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਵਿੱਚ ਵਿਚਰਨ ਦੀ ਛੋਟ ਦਿੱਤੀ ਜਾਵੇ। ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਪੂਰੇ ਯਤਨ ਕਰ ਰਹੀ ਹੈ।

Leave a Reply

Your email address will not be published. Required fields are marked *