ਸੋਲਨ- ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਸਭ ਤੋਂ ਮਹਿੰਗੀ ਸਬਜ਼ੀ ਕਿਹੜੀ ਹੈ? ਜੇਕਰ ਨਹੀਂ ਤਾਂ ਉਸ ਸਬਜ਼ੀ ਦਾ ਨਾਂ ਹੈ ‘ਗੁੱਛੀ’ ਮਸ਼ਰੂਮ। ਭਾਰਤ ਦੀ ਇਸ ਮਹਿੰਗੀ ਸਬਜ਼ੀ ਦੀ ਵਿਦੇਸ਼ਾਂ ‘ਚ ਬਹੁਤ ਮੰਗ ਹੈ। ਜੇਕਰ ਤੁਸੀਂ ਇਸ ਸਬਜ਼ੀ ਨੂੰ ਇਕ ਕਿਲੋ ਖਰੀਦਣਾ ਹੈ, ਤਾਂ ਤੁਹਾਨੂੰ 40 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਇਹ ਭਾਰਤ ਦੀ ਇਕ ਦੁਰਲੱਭ ਸਬਜ਼ੀ ਹੈ, ਜਿਸ ਦੀ ਬਾਹਰੀ ਮੁਲਕਾਂ- ਅਮਰੀਕਾ, ਫਰਾਂਸ, ਇਟਲੀ, ਜਰਮਨੀ ਅਤੇ ਸਵਿਟਜ਼ਰਲੈਂਡ ਵਿਚ ਵੀ ਭਾਰੀ ਮੰਗ ਹੈ।
ਗੁੱਛੀ ਦਾ ਵਿਗਿਆਨਕ ਨਾਮ ਮਾਰਕੁਲਾ ਐਸਕਯੂਲੇਂਟਾ ਹੈ। ਇਸ ਨੂੰ ਆਮ ਤੌਰ ‘ਤੇ ਮੋਰੇਲਸ ਵੀ ਕਿਹਾ ਜਾਂਦਾ ਹੈ। ਇਸ ਨੂੰ ਸਪੰਜ ਮਸ਼ਰੂਮ ਵੀ ਕਿਹਾ ਜਾਂਦਾ ਹੈ। ਇਹ ਜ਼ਿਆਦਾਤਰ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਪਹਾੜਾਂ ‘ਤੇ ਉਗਾਈ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮਸ਼ਰੂਮ ਨੂੰ ਹੁਣ ਘਰਾਂ ਵਿਚ ਵੀ ਉਗਾਇਆ ਜਾ ਸਕੇਗਾ। ਡਾਇਰੈਕਟਰ ਆਫ਼ ਮਸ਼ਰੂਮ ਰਿਸਰਚ (DMR) ਦੇ ਵਿਗਿਆਨੀਆਂ ਨੇ ਗੁੱਛੀ ਦਾ ਬੀਜ ਤਿਆਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਲਈ DMR ਦੇ ਵਿਗਿਆਨੀ ਕਰੀਬ 5 ਸਾਲਾਂ ਤੋਂ ਸ਼ੋਧ ਕਰ ਰਹੇ ਹਨ।
ਸਬਜ਼ੀ ਦੇ ਰੂਪ ਵਿਚ ਇਸਤੇਮਾਲ ਹੋਣ ਵਾਲੀ ਗੁੱਛੀ ਨੂੰ ਘਰ ਵਿਚ ਤਿਆਰ ਕਰ ਕੇ ਲੋਕ ਹੁਣ ਚੰਗੀ ਆਮਦਨੀ ਕਮਾ ਸਕਦੇ ਹਨ। ਗੁੱਛੀ ਹਿਮਾਚਲ ਪ੍ਰਦੇਸ਼ ਦੇ ਚੰਬਾ, ਕੁੱਲੂ-ਮਨਾਲੀ, ਸ਼ਿਮਲਾ ਜ਼ਿਲ੍ਹੇ ਦੇ ਉੱਚਾਈ ਵਾਲੇ ਜੰਗਲਾਂ ਵਿਚ ਫਰਵਰੀ ਤੋਂ ਅਪ੍ਰੈਲ ਤੱਕ ਉਗਦੀ ਹੈ। ਸਥਾਨਕ ਲੋਕ ਇਸ ਨੂੰ ਜੰਗਲਾਂ ਵਿਚ ਲੱਭ ਕੇ ਬਾਜ਼ਾਰ ਵਿਚ ਵੇਚਦੇ ਹਨ। ਇਸ ਨੂੰ ਖੇਤਾਂ ਵਿਚ ਉਗਾਉਣਾ ਸੰਭਵ ਨਹੀਂ ਹੈ ਕਿਉਂਕਿ ਇਸ ਦਾ ਬੀਜ ਤਿਆਰ ਨਹੀਂ ਹੋ ਸਕਿਆ ਸੀ। ਹੁਣ DMR ਦੇ ਵਿਗਿਆਨੀਆਂ ਨੇ ਇਸ ‘ਤੇ ਸਫ਼ਲਤਾ ਹਾਸਲ ਕੀਤੀ ਹੈ।