ਹਾਈ ਕੋਰਟ ਵੱਲੋਂ ਧਰਮਕੋਟ ਦੀਆਂ 19 ਗਰਾਮ ਪੰਚਾਇਤਾਂ ਦੀ ਚੋਣ ਪ੍ਰਕਿਰਿਆ ’ਤੇ ਰੋਕ

ਧਰਮਕੋਟ, Panchayat Elections Punjab: ਪੰਜਾਬ ਹਰਿਆਣਾ ਹਾਈ ਕੋਰਟ ਨੇ ਹਲਕਾ ਧਰਮਕੋਟ ਦੇ 19 ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਉੱਤੇ ਰੋਕ ਲਗਾ ਦਿੱਤੀ ਹੈ। ਇਹ ਸਾਰੇ ਪਿੰਡ ਬਲਾਕ ਕੋਟ ਈਸੇ ਖਾਂ ਦਾ ਹਿੱਸਾ ਹਨ। ਇਨ੍ਹਾਂ ਪਿੰਡਾਂ ਵਿੱਚ ਨਾਮਜ਼ਦਗੀਆਂ ਦੌਰਾਨ ਧੱਕੇਸ਼ਾਹੀ ਦੇ ਦੋਸ਼ ਲੱਗੇ ਸਨ।

ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅਕਾਲੀ ਵਰਕਰਾਂ ਨੂੰ ਡਰਾ-ਧਮਕਾ ਕੇ ਪੰਚਾਇਤੀ ਚੋਣ ਪ੍ਰਕਿਰਿਆ ਤੋਂ ਲਾਂਭੇ ਕਰਨ ਦੇ ਸਬੂਤਾਂ ਸਹਿਤ ਦੋਸ਼ ਲਗਾਏ ਸਨ। ਇਸ ਸਬੰਧੀ ਅਕਾਲੀ ਦਲ ਨੇ ਆਪਣੀ ਕਾਨੂੰਨੀ ਟੀਮ ਦੀ ਮੱਦਦ ਨਾਲ ਇਨਸਾਫ਼ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਨੇ 9 ਅਕਤੂਬਰ ਨੂੰ ਹੁਕਮ ਜਾਰੀ ਕਰ ਕੇ ਇਨ੍ਹਾਂ ਪਿੰਡਾਂ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ’ਤੇ ਰੋਕ ਲਗਾ ਦਿਤੀ ਸੀ।

ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤ ਚੋਣ ਪ੍ਰਕਿਰਿਆ ਰੋਕੀ ਗਈ ਹੈ ਉਨ੍ਹਾਂ ਵਿੱਚ ਤਖਤੂਵਾਲਾ, ਜਲਾਲਾਬਾਦ, ਚਾਂਬ, ਲੋਹਗੜ੍ਹ, ਖੋਸਾ ਰਣਧੀਰ, ਦਾਤਾ, ਮਨਾਵਾਂ, ਕਿਸ਼ਨਪੁਰਾ, ਮਰਦਾਂਪੁਰ, ਦਯਾ ਕਲਾਂ, ਸ਼ੇਰੇਵਾਲਾ, ਗਹਿਲੀਵਾਲਾ, ਬਾਜੇਕੇ, ਤਲਵੰਡੀ ਮੱਲੀਆਂ, ਮਸੀਤਾਂ, ਸ਼ੇਰਪੁਰ, ਉਮਰੀਆਣਾ, ਕਮਾਲਕੇ ਕਲਾਂ ਅਤੇ ਕੋਕਰੀ ਵਹਿਣੀਵਾਲ ਸ਼ਾਮਲ ਹਨ। ਇਸ ਸਬੰਧੀ ਉਪ ਮੰਡਲ ਸਿਵਲ ਅਧਿਕਾਰੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਹਲਕੇ ਦੇ ਜਿਹੜੇ ਪਿੰਡ ਦੀ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਰੋਕ ਰੱਖੀ ਹੈ, ਉਸ ਫੈਸਲੇ ’ਤੇ ਪ੍ਰਸ਼ਾਸਨ ਅਮਲ ਕਰ ਰਿਹਾ ਹੈ।

ਸੀਨੀਅਰ ਅਕਾਲੀ ਆਗੂ ਐਡਵੋਕੇਟ ਬਰਜਿੰਦਰ ਸਿੰਘ ਬਰਾੜ ਅੱਜ ਫਿਰ ਕਾਨੂੰਨੀ ਮਾਹਿਰਾਂ ਦੀ ਟੀਮ ਨਾਲ ਧਰਮਕੋਟ ਹਲਕੇ ਦੇ ਲਗਭਗ 30 ਪਿੰਡਾਂ ਦੀਆਂ ਚੋਣ ਪਟੀਸ਼ਨਾਂ ਲੈ ਕੇ ਹਾਈ ਕੋਰਟ ਪੁੱਜੇ ਹੋਏ ਹਨ। ਆਖ਼ਰੀ ਰਿਪੋਰਟਾਂ ਮਿਲਣ ਮੁਤਾਬਕ ਅਦਾਲਤ ਵਿੱਚ ਇਸ ਸਬੰਧੀ ਗੰਭੀਰਤਾ ਨਾਲ ਸੁਣਵਾਈ ਚੱਲ ਰਹੀ ਹੈ। ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ‘ਸਰਕਾਰੀ ਧੱਕੇਸ਼ਾਹੀ’ ਦਾ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਜਾਵੇਗਾ।

Leave a Reply

Your email address will not be published. Required fields are marked *