ਧਰਮਕੋਟ, ਫੂਡ ਸਪਲਾਈ ਵਿਭਾਗ ਦੇ ਧਰਮਕੋਟ ਸਥਿਤ ਦਫਤਰ ਦੇ ਬਾਹਰ ਸ਼ੁੱਕਰਵਾਰ ਨੂੰ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੀ ਮਾਹੌਲ ਗਰਮਾ ਗਿਆ। ਪੰਚਾਇਤੀ ਚੋਣਾਂ ਲਈ ਸਰਪੰਚਾਂ ਪੰਚਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਆਖਰੀ ਦਿਨ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਉੱਤੇ ਪੁਲੀਸ ਦਾ ਡੰਡਾ ਚੱਲਿਆ, ਜਿਸ ਕਾਰਨ ਉੱਥੇ ਅਫ਼ਰਾ ਦਫਤਰੀ ਦਾ ਮਾਹੌਲ ਬਣ ਗਿਆ।
ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਪ੍ਰਸ਼ਾਸਨ ਉੱਤੇ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇਣ ਦੇ ਮਕਸਦ ਨਾਲ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਲਗਾਏ ਹਨ। ਅਕਾਲੀ ਆਗੂਆਂ ਦੱਸਿਆ ਕਿ ਪਿੰਡ ਲੁਹਾਰਾ ਅਤੇ ਖੋਸਾ ਰਣਧੀਰ ਦੇ ਉਨ੍ਹਾਂ ਦੇ ਸਮਰਥਕਾਂ ਪਾਸੋਂ ਬਲਾਕ ਕੋਟ ਈਸੇ ਖਾਂ ਵਿਖੇ ਨਾਮਜ਼ਦਗੀ ਦੀਆਂ ਫਾਇਲਾਂ ਖੋਹ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਮਾਰ ਕੁਟਾਈ ਵੀ ਕੀਤੀ ਗਈ ਹੈ। ਇਸ ਮਾਮਲੇ ਦੀ ਅਕਾਲੀ ਆਗੂਆਂ ਨੇ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਪਾਈਂ ਹੈ।