ਕਰਨਾਲ, 9 ਸਤੰਬਰ (ਦਲਜੀਤ ਸਿੰਘ)- ਆਈ. ਏ. ਐੱਸ. ਅਧਿਕਾਰੀ ਆਯੁਸ਼ ਸਿਨਹਾ ਦੇ ਸਸਪੈਂਡ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਰਨਾਲ ’ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਰਨਾਲ ’ਚ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ ਅਤੇ ਅੱਜ ਰਾਤ 12 ਵਜੇ ਤੱਕ ਮੋਬਾਇਲ ਇੰਟਰਨੈੱਟ ਅਤੇ ਐੱਸ. ਐੱਮ. ਐੱਸ. ਸੇਵਾ ’ਤੇ ਬੈਨ ਲਾ ਦਿੱਤਾ ਹੈ। ਦੱਸ ਦੇਈਏ ਕਿ ਕਰਨਾਲ ’ਚ ਮਹਾਪੰਚਾਇਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫੈਲੇ, ਇਸ ਲਈ ਜ਼ਿਲ੍ਹੇ ’ਚ ਇੰਟਰਨੈੱਟ ਸੇਵਾ ’ਤੇ ਪਾਬੰਦੀ 24 ਘੰਟੇ ਲਈ ਵਧਾ ਦਿੱਤੀ ਸੀ।
ਇਹ ਆਦੇਸ਼ ਅੱਜ ਰਾਤ 11.59 ਵਜੇ ਤਕ ਪ੍ਰਭਾਵੀ ਰਹੇਗਾ। ਇਸ ਤੋਂ ਪਹਿਲਾਂ ਕਰਨਾਲ ਸਮੇਤ ਜੀਂਦ, ਕੈਥਲ, ਪਾਨੀਪਤ ਅਤੇ ਕੁਰੂਕਸ਼ੇਤਰ ’ਚ ਵੀ ਇੰਟਰਨੈੱਟ ਸੇਵਾਵਾਂ ’ਤੇ 24 ਘੰਟੇ ਦੀ ਪਾਬੰਦੀ ਲਾਈ ਗਈ ਸੀ। ਦੱਸਣਯੋਗ ਹੈ ਕਿ 28 ਅਗਸਤ ਨੂੰ ਪੁਲਸ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ। ਪੁਲਸ ਲਾਠੀਚਾਰਜ ਵਿਚ ਜ਼ਖਮੀ ਹੋਏ ਕਰਨਾਲ ਦੇ ਰਾਏਪੁਰ ਜਾਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ’ਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਮਹਾਪੰਚਾਇਤ ਕੀਤੀ।