ਨਵੀਂ ਦਿੱਲੀ- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 7 ਗਰੰਟੀਆਂ ਦਾ ਐਲਾਨ ਕੀਤਾ ਹੈ, ਜਿਸ ‘ਚ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਰੰਟੀ ਅਤੇ ਜਾਤੀ ਆਧਾਰਿਤ ਸਰਵੇ ਦੇ ਵਾਅਦੇ ਸ਼ਾਮਲ ਹਨ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ‘ਚ ਇਨ੍ਹਾਂ ਗਾਰੰਟੀਆਂ ਦਾ ਐਲਾਨ ਕੀਤਾ। ਇਸ ਮੌਕੇ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੀਨੀਅਰ ਆਗੂ ਅਜੇ ਮਾਕਨ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਸਮੇਤ ਕਈ ਹੋਰ ਆਗੂ ਹਾਜ਼ਰ ਸਨ।
ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ MSP ਦੀ ਕਾਨੂੰਨੀ ਗਾਰੰਟੀ ਅਤੇ ਜਾਤੀ ਆਧਾਰਿਤ ਸਰਵੇ ਨਾਲ ਹੀ 18 ਤੋਂ 60 ਸਾਲ ਤੱਕ ਦੀਆਂ ਔਰਤਾਂ ਲਈ ਹਰ ਮਹੀਨੇ 2 ਹਜ਼ਾਰ ਰੁਪਏ ਦੀ ਰਾਸ਼ੀ, ਬਜ਼ੁਰਗਾਂ, ਦਿਵਿਆਂਗਾਂ ਅਤੇ ਵਿਧਵਾਵਾਂ ਨੂੰ ਹਰ ਮਹੀਨੇ 6-6 ਹਜ਼ਾਰ ਰੁਪਏ ਦੀ ਪੈਨਸ਼ਨ, ਦੋ ਲੱਖ ਸਰਕਾਰੀ ਨੌਕਰੀਆਂ, 300 ਯੂਨਿਟ ਬਿਜਲੀ ਮੁਫ਼ਤ, 25 ਲੱਖ ਰੁਪਏ ਦਾ ਮੁਫ਼ਤ ਇਲਾਜ, ਗਰੀਬਾਂ ਲਈ ਜ਼ਮੀਨ ਅਤੇ ਦੋ ਕਮਰਿਆਂ ਦੇ ਮਕਾਨ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਸੱਤਾ ਵਿਚ ਆਉਣ ‘ਤੇ ਉਹ ਪੁਰਾਣੀ ਪੈਨਸ਼ਨ ਯੋਜਨਾ ਨੂੰ ਲਾਗੂ ਕਰੇਗੀ ਅਤੇ ਹਰ ਪਰਿਵਾਰ ਨੂੰ 500 ਰੁਪਏ ਦਾ ਰਸੋਈ ਗੈਸ ਸਿਲੰਡਰ ਦੇਵੇਗੀ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਂ ਲਈ ਇਕ ਪੜਾਅ ਵਿਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।