ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿਚ ਘਰ ਅੰਦਰ ਦਾਖਲ ਹੋ ਕੇ ਅਮਰੀਕਾ ਸਿਟੀਜ਼ਨ ਸੁਖਚੈਨ ਸਿੰਘ ਨੂੰ ਗੋਲੀਆਂ ਮਾਰਨ ਦੇ ਮਾਮਲੇ ਵਿਚ ਡੀ. ਜੀ. ਪੀ. ਗੌਰਵ ਯਾਦਵ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਡੀ. ਜੀ. ਪੀ. ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੂੰ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਖਿਆ ਹੈ। ਉਨ੍ਹਾਂ ਸਾਫ ਆਖਿਆ ਹੈ ਕਿ ਇਸ ਮਾਮਲੇ ਵਿਚ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਇਸ ਲਈ ਬਕਾਇਦਾ ਸਪੈਸ਼ਲ ਡੀ. ਜੀ. ਪੀ. ਰਾਜਨੇਂਦਰ ਢੋਕੇ ਡਿਊਟੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਪੈਸ਼ਲ ਡੀ. ਜੀ. ਪੀ. ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਪੁਲਸ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਸਖ਼ਤ ਕਦਮ ਚੁੱਕਣ ਦੇ ਮੂਡ ਵਿਚ ਹੈ। ਪੁਲਸ ਵਲੋਂ ਇਸ ਘਟਨਾਕ੍ਰਮ ਵਿਚ ਕੁਝ ਸੀ. ਸੀ. ਟੀ. ਵੀ. ਵੀਡੀਓ ਵੀ ਬਰਾਮਦ ਹੋਈਆਂ ਹਨ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ।