ਨਵੀਂ ਦਿੱਲੀ, 3 ਸਤੰਬਰ (ਦਲਜੀਤ ਸਿੰਘ)- ਭਾਰਤ ’ਚ ਕੋਰੋਨਾ ਦੇ 45,352 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 3,29,03,289 ਹੋ ਗਈ। ਉੱਥੇ ਹੀ ਲਗਾਤਾਰ ਤੀਜੇ ਦਿਨ ਕੋਰੋਨਾ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਇਨਫੈਕਸ਼ਨ ਨਾਲ 366 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,39,895 ਹੋ ਗਈ। ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 3,99,778 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 1.22 ਫੀਸਦੀ ਹੈ। ਪਿਛਲੇ 24 ਘੰਟਿਆਂ ’ਚ ਇਲਾਜ ਅਧੀਨ ਮਾਮਲਿਆਂ ’ਚ ਕੁੱਲ 10,195 ਦਾ ਵਾਧਾ ਦਰਜ ਕੀਤਾ ਗਿਆ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 97.45 ਫੀਸਦੀ ਹੈ।
ਅੰਕੜਿਆਂ ਅਨੁਸਾਰ, ਦੇਸ਼ ’ਚ ਹੁਣ ਤੱਕ ਕੁੱਲ 52,65,35,068 ਨਮੂਨਿਆਂ ਦੀ ਕੋਰੋਨਾ ਸੰਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 16,66,334 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ। ਉੱਥੇ ਹੀ ਹਫ਼ਤਾਵਾਰ ਸੰਕਰਮਣ ਦਰ 2.66 ਫੀਸਦੀ ਹੈ, ਜੋ ਪਿਛਲੇ 70 ਦਿਨਾਂ ਤੋਂ 3 ਫੀਸਦੀ ਤੋਂ ਘੱਟ ਹੈ। ਦੇਸ਼ ’ਚ ਹੁਣ ਤੱਕ ਕੁੱਲ 3,20,63,616 ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ ਅਤੇ ਕੋਰੋਨਾ ਮੌਤ ਦਰ 1.34 ਫੀਸਦੀ ਹੈ। ਮੰਤਰਾਲਾ ਅਨੁਸਾਰ, ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕੇ ਦੀਆਂ 67.09 ਕਰੋੜ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 70 ਫੀਸਦੀ ਤੋਂ ਜ਼ਿਆਦਾ ਮਰੀਜ਼ਾਂ ਨੂੰ ਹੋਰ ਬੀਮਾਰੀਆਂ ਵੀ ਸਨ। ਮੰਤਰਾਲਾ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਕਿ ਉਸ ਦੇ ਅੰਕੜਿਆਂ ਦਾ ਭਾਰਤੀ ਆਯੂਰਵਿਿਗਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਦੇ ਅੰਕੜਿਆਂ ਨਾਲ ਮਿਲਾਨ ਕੀਤਾ ਜਾ ਰਿਹਾ ਹੈ।