ਨਵੀਂ ਦਿੱਲੀ, 1984 ਵਿਚ ਪੁਲ ਬੰਗਸ਼ ਇਲਾਕੇ ਵਿਚ ਸਿੱਖਾਂ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਕੌਮੀ ਜਾਂਚ ਏਜੰਸੀ ਦੇ ਕੇਸ ‘ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਰੋਜ਼ ਐਵੇਨਿਊ ਅਦਾਲਤ ਨੇ ਦੋਸ਼ ਤੈਅ ਕਰਨ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵੱਲੋਂ ਦੋਸ਼ਾਂ ਬਾਰੇ 2 ਅਗਸਤ ਨੂੰ ਹੁਕਮ ਸੁਣਾਏ ਜਾਣ ਦੀ ਸੰਭਾਵਨਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਸੀਬੀਆਈ ਅਤੇ ਜਗਦੀਸ਼ ਟਾਈਟਲਰ ਦੇ ਵਕੀਲਾਂ ਦੇ ਪੱਚ ਸੁਨਣ ਤੋਂ ਬਾਅਦ ਦੋਸ਼ ਆਇਦ ਕਰਨ ਬਾਰੇ ਹੁਕਮ ਰਾਖਵੇਂ ਰੱਖੇ ਹਨ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਮਨੂ ਸ਼ਰਮਾ ਨੇ ਦੂਰਦਰਸ਼ਨ ਦੀ ਇਕ ਵੀਡੀਓ ਰਾਹੀਂ ਦਲੀਲ ਦਿੱਤੀ ਕਿ ਵੀਡੀਓ ਮੁਤਾਬਕ ਟਾਈਟਲਰ ਕਥਿਤ ਘਟਨਾ ਵਾਲੇ ਦਿਨ ਟੀਨ ਮੋਰਚਰੀ ਹਾਊਸ ਚ ਮੌਜੂਦ ਸੀ ਜਿਥੇ ਇੰਦਰਾ ਗਾਂਧੀ ਦੀ ਦੇਹ ਰੱਖੀ ਹੋਈ ਸੀ।