ਦਿੱਲੀ ਪੁਲਿਸ ਨੇ ਕਿਡਨੀ ਟਰਾਂਸਪਲਾਂਟ ਰੈਕੇਟ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ‘ਚ ਇਕ ਵੱਡੇ ਹਸਪਤਾਲ ਦੀ ਮਹਿਲਾ ਡਾਕਟਰ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਬੰਗਲਾਦੇਸ਼ ਤੋਂ ਲੈ ਕੇ ਰਾਜਸਥਾਨ ਤਕ ਚੱਲ ਰਹੇ ਇਸ ਗੈਰ-ਕਾਨੂੰਨੀ ਕਿਡਨੀ ਰੈਕਟ ਨੂੰ ਚਲਾਉਣ ਦੇ ਦੋਸ਼ ਵਿਚ 50 ਸਾਲਾ ਮਹਿਲਾ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਮਹਿਲਾ ਡਾਕਟਰ ਨੇ 15 ਤੋਂ 16 ਆਪ੍ਰੇਸ਼ਨ ਕੀਤੇ ਸਨ। ਅਧਿਕਾਰੀਆਂ ਮੁਤਾਬਕ ਗ਼ੈਰ-ਕਾਨੂੰਨੀ ਮਨੁੱਖੀ ਕਿਡਨੀ ਦਾ ਕਾਲਾ ਧੰਦਾ ਬੰਗਲਾਦੇਸ਼ ਤੋਂ ਸੰਚਾਲਿਤ ਹੁੰਦਾ ਸੀ ਪਰ ਆਪ੍ਰੇਸ਼ਨ ਨੂੰ ਅੰਜਾਮ ਹਿੰਦੁਸਤਾਨ ‘ਚ ਦਿੱਤਾ ਜਾਂਦਾ ਸੀ। ਬੰਗਲਾਦੇਸ਼ ‘ਚ ਰੈਕੇਟ ਦੇ ਲੋਕ ਡਾਇਲਸਿਸ ਸੈਂਟਰ ਜਾ ਕੇ ਦੇਖਦੇ ਸਨ ਕਿ ਕਿਹੜੇ ਮਰੀਜ਼ ਨੂੰ ਕਿਡਨੀ ਦੀ ਲੋੜ ਹੈ ਤੇ ਉਸ ਦੀ ਪੈਸੇ ਦੇਣ ਦੀ ਸਮਰੱਥਾ ਕਿੰਨੀ ਹੈ। ਇਕ ਵਾਰ ਜਦੋਂ ਕੋਈ ਮਰੀਜ਼ 25 ਤੋਂ 30 ਲੱਖ ਰੁਪਏ ਦੇਣ ਲਈ ਤਿਆਰ ਹੋ ਜਾਂਦਾ ਸੀ ਤਾਂ ਉਹ ਉਸ ਨੂੰ ਇੰਡੀਅਨ ਮੈਡੀਕਲ ਏਜੰਸੀ ਜ਼ਰੀਏ ਇਲਾਜ ਲਈ ਭਾਰਤ ਭੇਜ ਦਿੰਦੇ ਸੀ। ਸੂਤਰਾਂ ਅਨੁਸਾਰ ਕਿਡਨੀ ਦਾਨ ਕਰਨ ਵਾਲੇ ਇਸ ਨੂੰ 4 ਤੋਂ 5 ਲੱਖ ਰੁਪਏ ‘ਚ ਵੇਚਦੇ ਹਨ।
ਉੱਥੇ ਹੀ ਇਸ ਰੈਕੇਟ ‘ਚ ਮਹਿਲਾ ਡਾਕਟਰ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਅਪੋਲੋ ਹਸਪਤਾਲ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਹਸਪਤਾਲ ਵੱਲੋਂ ਕਿਹਾ ਗਿਆ ਹੈ ਕਿ ਮਹਿਲਾ ਡਾਕਟਰ ਦੀ ਨਿਯੁਕਤੀ ਹਸਪਤਾਲ ‘ਚ ਪੈਰੋਲ ‘ਤੇ ਨਹੀਂ ਸਗੋਂ ਉਸ ਦੀਆਂ ਸੇਵਾਵਾਂ ਬਦਲੇ ਫੀਸ ਦੇ ਆਧਾਰ ‘ਤੇ ਕੀਤੀ ਗਈ ਸੀ। ਡਾਕਟਰ ਦੀ ਸੇਵਾ ਸਸਪੈਂਡ ਕਰ ਦਿੱਤੀ ਗਈ ਹੈ। ਹਸਪਤਾਲ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਕੰਮ ਕਿਸੇ ਹੋਰ ਹਸਪਤਾਲ ‘ਚ ਮਹਿਲਾ ਡਾਕਟਰ ਵੱਲੋਂ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ ‘ਚ ਇੰਦਰਪ੍ਰਸਥ ਅਪੋਲੋ ਹਸਪਤਾਲ (IAH) ‘ਚ ਅਜਿਹਾ ਕੋਈ ਕਾਰਾ ਨਹੀਂ ਹੋਇਆ ਹੈ।