ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਗੁਲਾਬ ਸਿੱਧੂ ਦੇ ਗੀਤ ‘ਰੌਲੇ’ ’ਚ ਨਜ਼ਰ ਆਏ ਹਨ। ਇੱਕ ਪਾਸੇ ਲੋਕ ਸਭਾ ਚੋਣਾਂ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ ਅਤੇ ਦੂਜੇ ਪਾਸੇ ਆਏ ਗੀਤ ‘ਚ ਬਲਕੌਰ ਸਿੰਘ ਵੱਲੋਂ ਕੀਤੇ ਐਕਟ ਦੇ ਕਾਰਨ ਉਹ ਚਰਚਾ ’ਚ ਹਨ। ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਨੇ ਫ਼ੈਨਜ਼ ਨੂੰ ਤੋਹਫ਼ਾ ਦਿੱਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਵੱਲੋਂ ਆਪਣੇ ਪੁੱਤਰ ਦੀ ਇਨਸਾਫ਼ ਦੀ ਜੰਗ ਲੜੀ ਜਾ ਰਹੀ ਹੈ। ਉਹ ਲਗਾਤਾਰ ਸਰਕਾਰਾਂ ਵੱਲੋਂ ਇਨਸਾਫ਼ ਨਾ ਮਿਲਣ ਤੇ ਗੈਂਗਸਟਰਾਂ ਨੂੰ ਮਿਲੀ ਹੋਈ ਖੁਲ੍ਹ ਦੇ ਖ਼ਿਲਾਫ਼ ਬੋਲਣ ਦੇ ਕਾਰਨ ਸੁਰਖੀਆਂ ’ਚ ਰਹਿੰਦੇ ਹਨ। ਪਿਛਲੇ ਦਿਨ੍ਹੀਂ ਉਨ੍ਹਾਂ ਵੱਲੋਂ ਬਠਿੰਡਾ ਲੋਕਸਭਾ ਹਲਕਾ ਵਿੱਚੋਂ ਅਜ਼ਾਦ ਉਮੀਦਵਾਰ ਵੱਜੋਂ ਖੜ੍ਹੇ ਹੋਣ ਦੀ ਚੱਲੀ ਚਰਚਾ ਕਾਰਨ ਸੁਰਖੀਆਂ ’ਚ ਆ ਗਏ ਸਨ, ਪਰ ਕਾਂਗਰਸ ਵੱਲੋਂ ਫ਼ਿਰ ਉਮੀਦਵਾਰ ਵੱਜੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਉਤਾਰ ਦਿੱਤਾ ਗਿਆ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਨ੍ਹਾਂ ਨੂੰ ਮਨਾ ਲਿਆ ਗਿਆ ਸੀ ਅਤੇ ਹੁਣ ਉਹ ਕਾਂਗਰਸ ਨਾਲ ਚੱਲ ਰਹੇ ਹਨ।
ਇੱਥੇ ਦੱਸਣਯੋਗ ਹੈ ਕਿ ਪੰਜਾਬੀ ਗਾਇਕ ਅਤੇ ਸਿੱਧੂ ਮੂਸੇਵਾਲਾ ਦੇ ਕਰੀਬੀ ਗੁਲਾਬ ਸਿੱਧੂ ਦਾ ਗੀਤ ਰੌਲੇ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਸਾਰਾ ਗੀਤ ਮੂਸੇਵਾਲਾ ਦੇ ਪਿੰਡ ਹੀ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਹਵੇਲੀ ਵੀ ਨਜ਼ਰ ਆਵੇਗੀ। ਬਲਕੌਰ ਸਿੰਘ ਦੇ ਚਿਹਰੇ ’ਤੇ ਪੁੱਤਰ ਮੂਸੇਵਾਲਾ ਵਾਂਗ ਹੀ ਰੋਹਬ ਨਜ਼ਰ ਆ ਰਿਹਾ ਹੈ। ਗੁਲਾਬ ਸਿੰਘ ਦੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।