ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਵਿੱਚ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਪ੍ਰਚਾਰ ਲਈ ਮੀਟਿੰਗਾਂ ਅਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ ਪ੍ਰਚਾਰ ਦੌਰਾਨ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਕਾਂਗਰਸ ਪਾਰਟੀ ਸਿਰਫ਼ ਸੋਸ਼ਲ ਮੀਡੀਆ ’ਤੇ ਹੀ ਅਟਕੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਪ੍ਰਚਾਰ ਦਾ ਨਿਵੇਕਲਾ ਸਾਧਨ ਤਿਆਰ ਕਰਦਿਆਂ ਕਿਊਆਰ ਕੋਡ ਵਾਲਾ ਇਕ ਕਾਰਡ ਤਿਆਰ ਕੀਤਾ ਹੈ। ਇਸ ਕਿਊਆਰ ਕੋਡ ਰਾਹੀਂ ਸੰਜੇ ਟੰਡਨ ਵੱਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੂੰ ਇੱਕੋ ਥਾਂ ਇਕੱਠਾ ਕੀਤਾ ਗਿਆ ਹੈ। ਸ੍ਰੀ ਟੰਡਨ ਵੱਲੋਂ ਕਿਊਆਰ ਕੋਡ ਰਾਹੀਂ ਵੱਟਸਐਪ ਚੈਨਲ, ਫੇਸਬੁੱਕ, ਯੂ-ਟਿਊਬ, ਇੰਸਟਾਗ੍ਰਾਮ, ਟਵਿੱਟਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸੋਸ਼ਲ ਮੀਡੀਆ ਸਾਧਨਾਂ ’ਤੇ ਸੰਜੇ ਟੰਡਨ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਖੁਦ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਦੂਜੇ ਪਾਸੇ ਕਾਂਗਰਸ ਤੇ ‘ਆਪ’ ਤੇ ਕਾਂਗਰਸ (ਇੰਡੀਆ) ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਚੋਣ ਮੀਟਿੰਗਾਂ ਕਰਨ ਤੋਂ ਇਲਾਵਾ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸ੍ਰੀ ਤਿਵਾੜੀ ਵੱਲੋਂ ਸੋਸ਼ਲ ਮੀਡੀਆ ਦੇ ਸਾਧਨ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਵੱਲੋਂ ਲੰਘੇ ਦਿਨ ਇਕ ਪਰਚਾ ਛਪਵਾ ਕੇ ਚੰਡੀਗੜ੍ਹ ਦੇ ਸਾਰੇ ਘਰਾਂ ਵਿੱਚ ਪਹੁੰਚਾਇਆ ਗਿਆ ਹੈ। ਇਸ ਪਰਚੇ ਵਿੱਚ ਮਨੀਸ਼ ਤਿਵਾੜੀ ਨੇ ਆਪਣੇ ਚੰਡੀਗੜ੍ਹ ’ਚ ਜਨਮ ਤੇ ਪਰਿਵਾਰ ਦੇ ਚੰਡੀਗੜ੍ਹ ਨਾਲ ਸਬੰਧ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ। ਇਸ ਦੇ ਨਾਲ ਹੀ ਸ੍ਰੀ ਤਿਵਾੜੀ ਨੇ ਪਰਚੇ ਵਿੱਚ ਸੰਸਦ ਮੈਂਬਰ ਰਹਿੰਦਿਆਂ ਅਤੇ ਕਰੋਨਾ ਮਹਾਮਾਰੀ ਵਿੱਚ ਕੀਤੇ ਕੰਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਹੈ।