ਨਿਹਾਲ ਸਿੰਘ ਵਾਲਾ, 13 ਮਾਰਚ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦਾ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਪੁੱਜਣ ’ਤੇ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਵਰਕਰਾਂ ਤੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਹਰੇਕ ਵਰਗ ਦੁਖੀ ਹੈ। ਪੰਜਾਬ ਨੂੰ ਇਸ ਤੋਂ ਬਚਾਉਣ ਦੀ ਮੁੱਖ ਲੋੜ ਹੈ। ਅਕਾਲੀ ਦਲ ਹੀ ਪੰਜਾਬ ਦਾ ਹਿੱਤੂ ਹੈ। ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਅਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਦੇ ਕਾਫ਼ਲੇ ਨਾਲ ਪੁੱਜੇ ਸ੍ਰੀ ਬਾਦਲ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਆਪ ਤੇ ਕਾਂਗਰਸ ਦੀ ਆਲੋਚਨਾ ਕੀਤੀ। ਹਲਕਾ ਆਬਜ਼ਰਵਰ ਭਾਰਤੀ ਪੱਤੋਂ ਨੇ ਕਿਹਾ ਕਿ ਸ੍ਰੀ ਬਾਦਲ ਦੀ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਸਾਬਤ ਕਰਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ। ਯਾਤਰਾ ਬੁੱਟਰ, ਬੱਧਨੀ, ਰਾਉਕੇ, ਰਣਸੀਂਹ, ਨਿਹਾਲ ਸਿੰਘ ਵਾਲਾ,ਮਾਣੂੰਕੇ, ਜਵਾਹਰ ਸਿੰਘ ਵਾਲਾ ਪਿੰਡਾਂ ’ਚੋਂ ਲੰਘੀ। ਇਸ ਸਮੇਂ ਬਲਦੇਵ ਸਿੰਘ ਮਾਣੂਕੇ,ਗੁਰਪ੍ਰੀਤ ਕਾਕਾ ਬਰਾੜ,ਡਾਕਟਰ ਸੁਰਜੀਤ ਸਿੰਘ ਨੰਗਲ ਤੇ ਹੋਰ ਕਈ ਨੇਤਾ ਹਾਜ਼ਰ ਸਨ।