ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਫਾਹੇ ਲਾਉਣ ਤੋਂ ਪਹਿਲਾਂ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ: ਸੁਪਰੀਮ ਕੋਰਟ

ਇਸਲਾਮਾਬਾਦ, 6 ਮਾਰਚ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ, ਜਿਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 44 ਸਾਲ ਪਹਿਲਾਂ ਫਾਂਸੀ ਦਿੱਤੀ ਗਈ ਸੀ, ਦੀ ਨਿਰਪੱਖ ਸੁਣਵਾਈ ਨਹੀਂ ਹੋਈ। ਭੁੱਟੋ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸੰਸਥਾਪਕ ਸਨ। ਇਹ ਪਾਰਟੀ ਹੁਣ ਉਸ ਦੇ ਦੋਹਤੇ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਚਲਾਈ ਜਾ ਰਹੀ ਹੈ। ਭੁੱਟੋ ਨੂੰ ਮਰਹੂਮ ਜਨਰਲ ਜ਼ਿਆ-ਉਲ-ਹੱਕ ਦੇ ਫੌਜੀ ਸ਼ਾਸਨ ਦੇ ਅਧੀਨ ਕਤਲ ਕੇਸ ’ਚ 1979 ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਨੇ ਕਿਹਾ, ‘ਸਾਨੂੰ ਇਹ ਨਹੀਂ ਲੱਗਿਆ ਕਿ ਭੁੱਟੋ ਮਾਮਲੇ ’ਚ ਨਿਰਪੱਖ ਸੁਣਵਾਈ ਹੋਈ ਤੇ ਇਹੀ ਲੱਗਦਾ ਹੈ ਕਿ ਕੇਸ ’ਚ ਕਈ ਖ਼ਾਮੀਆਂ ਸਨ। ਇਹ ਫੈਸਲਾ ਉਨ੍ਹਾਂ ਦੀ ਅਗਵਾਈ ਵਾਲੀ ਨੌਂ ਮੈਂਬਰੀ ਬੈਂਚ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ। ਇਹ ਫੈਸਲਾ ਬਿਲਾਵਲ ਭੁੱਟੋ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਵੱਲੋਂ 2011 ਵਿੱਚ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੌਰਾਨ ਦਾਇਰ ਅਰਜ਼ੀ ਦੇ ਜਵਾਬ ਵਿੱਚ ਆਇਆ ਹੈ। ਇਸ ਵਿੱਚ ਪੀਪੀਪੀ ਦੇ ਸੰਸਥਾਪਕ ਨੂੰ ਸੁਣਾਈ ਗਈ ਮੌਤ ਦੀ ਸਜ਼ਾ ‘ਤੇ ਮੁੜ ਵਿਚਾਰ ਕਰਨ ਬਾਰੇ ਸਿਖਰਲੀ ਅਦਾਲਤ ਤੋਂ ਰਾਏ ਮੰਗੀ ਗਈ ਸੀ। ਭੁੱਟੋ ਜ਼ਰਦਾਰੀ ਨੇ ਬਾਅਦ ਵਿੱਚ ਇੱਕ ਪੋਸਟ ਵਿੱਚ ਕਿਹਾ, ‘ਸਾਡੇ ਪਰਿਵਾਰ ਨੇ ਇਹ ਸ਼ਬਦ ਸੁਣਨ ਲਈ 3 ਪੀੜ੍ਹੀਆਂ ਦਾ ਇੰਤਜ਼ਾਰ ਕੀਤਾ।’ ਅਦਾਲਤ ਇਸ ਬਾਰੇ ਵਿਸਥਾਰਤ ਹੁਕਮ ਬਾਅਦ ਵਿੱਚ ਜਾਰੀ ਕਰੇਗੀ।

Leave a Reply

Your email address will not be published. Required fields are marked *