ਕੋਲਕਾਤਾ, 5 ਮਾਰਚ
ਜਸਟਿਸ ਅਭਿਜੀਤ ਗੰਗੋਪਾਧਿਆਏ ਨੇ ਕਲਕੱਤਾ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਅੱਜ ਐਲਾਨ ਕੀਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਤੇ ਭਾਜਪਾ ਜਿਥੋਂ ਲੋਕ ਸਭਾ ਦੀ ਟਿਕਟ ਦੇਵੇਗੀ ਉਥੋਂ ਉਹ ਚੋਣ ਲੜਨਗੇ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ 7 ਮਾਰਚ ਨੂੰ ਭਾਜਪਾ ‘ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ,‘ਮੈਂ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹਾਂ ਕਿਉਂਕਿ ਇਹ ਰਾਸ਼ਟਰੀ ਪਾਰਟੀ ਹੈ, ਜੋ ਬੰਗਾਲ ਵਿੱਚ ਟੀਐੱਮਸੀ ਦੇ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੀ ਹੈ।’ ਉਨ੍ਹਾਂ ਸਵੇਰੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਤੇ ਇਸ ਦੀਆਂ ਕਾਪੀਆਂ ਚੀਫ ਜਸਟਿਸ ਡੀਵਾਈ ਚੰਦਰਚੂੜ ਅਤੇ ਕਲਕੱਤਾ ਹਾਈ ਕੋਰਟ ਦੇ ਚੀਫ ਜਸਟਿਸ ਟੀਐੱਸ ਸ਼ਿਵਗਨਮ ਨੂੰ ਵੀ ਨਾਲ ਭੇਜੀਆਂ।