ਨਵੀਂ ਦਿੱਲੀ, 24 ਫਰਵਰੀ
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਦਿੱਲੀ ਦੀਆਂ ਚਾਰ ਸੀਟਾਂ ‘ਤੇ ‘ਆਪ’ ਅਤੇ ਕਾਂਗਰਸ ਤਿੰਨ ਸੀਟਾਂ ‘ਤੇ ਚੋਣ ਲੜੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਗੁਜਰਾਤ ਦੀ ਭਰੂਚ ਅਤੇ ਭਾਵਨਗਰ ਸੀਟ ਅਤੇ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ‘ਤੇ ਵੀ ਚੋਣ ਲੜੇਗੀ। ਕਾਂਗਰਸ ਦੇ ਸੀਨੀਅਰ ਆਗੂ ਮੁਕੁਲ ਵਾਸਨਿਕ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਸੰਦੀਪ ਪਾਠਕ, ਸੌਰਵ ਭਾਰਦਵਾਜ ਅਤੇ ਆਤਿਸ਼ੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੀਟ ਵੰਡ ਦਾ ਐਲਾਨ ਕੀਤਾ। ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਸੰਦੀਪ ਪਾਠਕ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਵੱਖ-ਵੱਖ ਲੜਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਲੋਕ ਸਭਾ ਸੀਟ ਨੂੰ ਲੈ ਕੇ ਲੰਬੀ ਚਰਚਾ ਹੋਈ ਅਤੇ ਆਖਰ ਇਹ ਫੈਸਲਾ ਹੋਇਆ ਕਿ ਕਾਂਗਰਸ ਇੱਥੋਂ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀਆਂ ਚਾਰ ਸੀਟਾਂ ‘ਤੇ ਅਤੇ ਕਾਂਗਰਸ ਤਿੰਨ ਸੀਟਾਂ ‘ਤੇ ਚੋਣ ਲੜੇਗੀ। ‘ਆਪ’ ਦੱਖਣੀ ਦਿੱਲੀ, ਪੱਛਮੀ ਦਿੱਲੀ, ਪੂਰਬੀ ਦਿੱਲੀ ਅਤੇ ਨਵੀਂ ਦਿੱਲੀ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰੇਗੀ, ਜਦਕਿ ਕਾਂਗਰਸ ਚਾਂਦਨੀ ਚੌਕ, ਉੱਤਰ ਪੱਛਮੀ ਦਿੱਲੀ ਅਤੇ ਉੱਤਰ ਪੂਰਬੀ ਦਿੱਲੀ ਸੀਟਾਂ ਤੋਂ ਚੋਣ ਲੜੇਗੀ। ਰਾਸ਼ਟਰੀ ਰਾਜਧਾਨੀ ਵਿੱਚ ਸੱਤ ਲੋਕ ਸਭਾ ਸੀਟਾਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ਭਾਜਪਾ ਨੇ ਜਿੱਤੀਆਂ ਸਨ। ਸ੍ਰੀ ਵਾਸਨਿਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ ਅਤੇ ਹਰਿਆਣਾ ਵਿੱਚ ਕੁਰੂਕਸ਼ੇਤਰ ਲੋਕ ਸਭਾ ਸੀਟ ਵੀ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ।