ਨਵੀਂ ਦਿੱਲੀ, 17 ਫਰਵਰੀ
ਗਿਆਨਪੀਠ ਚੋਣ ਕਮੇਟੀ ਨੇ ਉੱਘੇ ਉਰਦੂ ਕਵੀ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਜਗਤਗੁਰੂ ਰਾਮਭੱਦਰਾਚਾਰੀਆ ਨੂੰ 58ਵਾਂ ਗਿਆਨਪੀਠ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਗੁਲਜ਼ਾਰ ਨੂੰ ਹਿੰਦੀ ਸਿਨੇਮਾ ਵਿੱਚ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਯੁੱਗ ਦੇ ਸਰਵੋਤਮ ਉਰਦੂ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਇਸ ਤੋਂ ਪਹਿਲਾਂ 2002 ਵਿੱਚ ਉਰਦੂ ਲਈ ਸਾਹਿਤ ਅਕਾਦਮੀ ਐਵਾਰਡ, 2013 ਵਿੱਚ ਦਾਦਾ ਸਾਹਿਬ ਫਾਲਕੇ ਐਵਾਰਡ, 2004 ਵਿੱਚ ਪਦਮ ਭੂਸ਼ਣ ਅਤੇ ਪੰਜ ਕੌਮੀ ਫਿਲਮ ਪੁਰਸਕਾਰ ਮਿਲ ਚੁੱਕੇ ਹਨ। ਦੂਜੇ ਪਾਸੇ ਚਿੱਤਰਕੂਟ ਵਿੱਚ ਤੁਲਸੀ ਪੀਠ ਦੇ ਸੰਸਥਾਪਕ, ਹਿੰਦੂ ਅਧਿਆਤਮਿਕ ਆਗੂ ਤੇ 100 ਤੋਂ ਵੱਧ ਕਿਤਾਬਾਂ ਦੇ ਲੇਖਕ ਰਾਮਭੱਦਰਾਚਾਰੀਆ ਦੀ ਵੀ ਇਸ ਐਵਾਰਡ ਲਈ ਚੋਣ ਹੋਈ ਹੈ। ਗਿਆਨਪੀਠ ਚੋਣ ਕਮੇਟੀ ਨੇ ਕਿਹਾ, ‘ਇਹ ਪੁਰਸਕਾਰ (2023 ਲਈ) ਦੋ ਭਾਸ਼ਾਵਾਂ ਦੇ ਉੱਘੇ ਲੇਖਕਾਂ ਸੰਸਕ੍ਰਿਤ ਸਾਹਿਤਕਾਰ ਜਗਤਗੁਰੂ ਰਾਮਭੱਦਰਾਚਾਰੀਆ ਅਤੇ ਉੱਘੇ ਉਰਦੂ ਸਾਹਿਤਕਾਰ ਗੁਲਜ਼ਾਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਇਹ ਵੱਕਾਰੀ ਪੁਰਸਕਾਰ ਲੇਖਕ ਦਾਮੋਦਰ ਮੌਜ਼ੋ ਨੂੰ ਮਿਲਿਆ ਸੀ।