ਚੰਡੀਗੜ੍ਹ,30 ਜਨਵਰੀ -ਚੰਡੀਗੜ੍ਹ ਸ਼ਹਿਰ ਦੇ ਮੇਅਰ ਦੀ ਚੋਣ ਸਮੇਂ ਭਾਰੀ ਹੰਗਾਮਾ ਹੋਇਆ ਤੇ ਭਾਜਪਾ ਦੇ ਮਨੋਜ ਸੋਨਕਰ ਨੂੰ ਚੰਡੀਗੜ੍ਹ ਸ਼ਹਿਰ ਦਾ ਮੇਅਰ ਚੁਣ ਲਿਆ ਗਿਆ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਵੀ ਭਾਜਪਾ ਨੂੰ ਹਰਾ ਨਹੀਂ ਸਕਿਆ। ਭਾਜਪਾ ਨੂੰ ਕੁੱਲ 16 ਅਤੇ ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਨੂੰ 12 ਵੋਟਾਂ ਮਿਲੀਆਂ। ਰੱਦ ਹੋਈਆਂ ਅੱਠ ਵੋਟਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੀ ਖੇਡ ਵਿਗਾੜ ਦਿੱਤੀ ਅਤੇ ਇੱਕ ਵਾਰ ਫਿਰ ਭਾਜਪਾ ਨੇ ਸ਼ਹਿਰ ਦੇ ਮੇਅਰ ਦੀ ਸੀਟ ’ਤੇ ਕਬਜ਼ਾ ਕਰ ਲਿਆ ਹੈ।
ਇਸ ਮਾਮਲੇ ਦੀ ਭਲਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਸੁਣਵਾਈ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਤੇ ਧੱਕਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪ੍ਰੋਜਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਅੱਠ ਵੋਟਾਂ ਰੱਦ ਕਰਕੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਰੌਲੇ ਰੱਪੇ ਵਿਚ ਜੇਤੂ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ ਆਪ ਤੇ ਕਾਂਗਰਸ ਕੋਲ ਵੱਧ ਵੋਟਾਂ ਸਨ ਪਰ ਇਸ ਬਾਵਜੂਦ ਵੱਧ ਵੋਟਾਂ ਵਾਲੀ ਧਿਰ ਨੂੰ ਹਰਾ ਦਿੱਤਾ ਗਿਆ।