ਜਲੰਧਰ ; 30 ਜਨਵਰੀ- ਭਾਰਤੀ ਇਨਕਲਾਬਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਜਮਹੂਰੀ ਲਹਿਰ ਦੇ ਕਾਰਕੁੰਨਾਂ, ਵਿਗਿਆਨਕ ਸੋਚ ਦੇ ਧਾਰਨੀਆਂ ਅਤੇ ਸਰਕਾਰ ਦੇ ਨੀਤੀ ਪੈਂਤੜੇ ਦੇ ਆਲੋਚਕਾਂ ਖਿਲਾਫ਼ ਧਾਰਾ 295 ਏ ਅਤੇ 295 ਤਹਿਤ ਧੜਾਧੜ ਦਰਜ ਕੀਤੇ ਜਾ ਰਹੇ ਨਾਜਾਇਜ਼ ਪਰਚਿਆਂ ਅਤੇ ਗ੍ਰਿਫ਼ਤਾਰੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਜ਼ੁਬਾਨਬੰਦੀ ਦੀ ਮੰਦੀ ਸੋਚ ਤਹਿਤ ਦਰਜ ਕੀਤੇ ਗਏ ਉਕਤ ਪਰਚੇ ਫੌਰੀ ਰੱਦ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਦੇ ਅਧਿਕਾਰਾਂ ਦੀ ਸੰਘੀ ਘੁੱਟਣ ਵਾਲੀ ਧਾਰਾ 295 ਏ ਅਤੇ 295 ਰੱਦ ਕਰਨ ਅਤੇ ਗ੍ਰਿਫਤਾਰ ਕਾਰਕੁੰਨਾਂ ਨੂੰ ਫੌਰੀ ਰਿਹਾ ਕਰਨ ਦੀ ਵੀ ਮੰਗ ਕੀਤੀ ਹੈ।
ਪਾਸਲਾ, ਰੰਧਾਵਾ ਅਤੇ ਜਾਮਾਰਾਏ ਨੇ ਕਿਹਾ ਹੈ ਕਿ ਹੁਕਮਰਾਨ ਟੋਲੇ ਵਲੋਂ ਲੋਕਰਾਜੀ ਤੇ ਸੰਵਿਧਾਨਕ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਿਆਂ ਉਕਤ ਧਾਰਾਵਾਂ ਦੀ ਆਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮ ਜਮਾਤਾਂ ਦਰਅਸਲ ਇਹ ਸੁਨਿਸ਼ਚਤ ਕਰਨਾ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਪੱਖੋਂ ਉਨ੍ਹਾਂ ਦੀ ਅਸਫਲਤਾ ‘ਤੇ ਕੋਈ ਊਂਗਲ ਨਾ ਧਰ ਸਕੇ।
ਪਾਰਟੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਕਤ ਜਾਬਰ ਹੱਲੇ ਖਿਲਾਫ਼ ਆਜ਼ਾਦਾਨਾ ਅਤੇ ਸਾਂਝੀ ਮੁਜੱਹਮਤ ਉਸਾਰਨ ਪੱਖੋਂ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ।