ਕਪੂਰਥਲਾ : ਸੁਲਤਾਨਪੁਰ ਲੋਧੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਕਿ ਸਵੇਰੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੋਈ ਹੈ। ਜਿਸ ਦੌਰਾਨ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ। ਫਾਇਰਿੰਗ ‘ਚ ਪੰਜ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਖੁਦ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੀ ਵਿੱਚ 30 ਦੇ ਕਰੀਬ ਨਿਹੰਗ ਸਿੰਘ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ ਗੁਰਦੁਆਰਾ ਸਾਹਿਬ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਦੋ ਗੁੱਟਾਂ ਵਿਚ ਵਿਵਾਦ ਚੱਲ ਰਿਹਾ ਹੈ । ਗੁਰਦੁਆਰਾ ਸਾਹਿਬ ‘ਤੇ ਪਹਿਲਾਂ ਬਾਬਾ ਬੁੱਢਾ ਦਲ ਮਾਨ ਗਰੁੱਪ ਦਾ ਕਬਜ਼ਾ ਹੈ। ਜਿਸ ਨੂੰ ਲੈ ਬੀਤੀ ਦਿਨੀਂ ਪੰਜਾਬ ਪੁਲਿਸ ਨੇ ਕੁਝ ਨਿਹੰਗ ਸਿੰਘ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ। ਅੱਜ ਸਵੇਰੇ ਪੁਲਿਸ ਅਤੇ ਨਿਹੰਗ ਸਿੰਘਾ ਦੇ ਵਿਚ ਤਕਰਾਰ ਵੱਧ ਗਿਆ। ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਇਕਾਲੇ ਨੂੰ ਸੀਲ ਕਰ ਲਿਆ ਗਿਆ ਹੈ।
ਇਸ ਮੌਕੇ ਨਿਹੰਗ ਸਿੰਘ ਮੁਖੀ ਬਾਬਾ ਮਾਨ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਸਥਿਤੀ ਨੂੰ ਨਜਿੱਠਣ ਲਈ ਮੀਟਿੰਗ ਚੱਲ ਰਹੀ ਹੈ। ਮੀਟਿੰਗ ਦੌਰਾਨ ਏਡੀਜੀਪੀ ਲਾਅ ਗੁਰਵਿੰਦਰ ਸਿੰਘ, ਡਿਪਟੀ ਕਮਿਸ਼ਨਰ ਕਰਨੈਲ ਸਿੰਘ, ਰਾਜਪਾਲ ਸਿੰਘ ਸੰਧੂ ਡੀਆਈਜੀ ਤੇ ਹੋਰ ਅਧਿਕਾਰੀਆਂ ਵੱਲੋਂ ਤੜਕਸਾਰ ਵਾਪਰੇ ਇਸ ਘਟਨਾਕ੍ਰਮ ਨਾਲ ਨਿਪਟਣ ਲਈ ਅਤੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਸਕੇ। ਪਾਵਨ ਨਗਰੀ ਵਿੱਚ ਵਾਪਰੇ ਇਸ ਘਟਨਾਕ੍ਰਮ ਉਪਰੰਤ ਸਮੁੱਚੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਸ਼ਹਿਰ ਅੰਦਰ ਆਉਣ ਤੋਂ ਵੀ ਕੰਨੀ ਕਤਰਾ ਰਹੇ ਹਨ। ਇਸ ਵਕਤ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਜਿੰਮੇਵਾਰੀ ਬਣ ਗਈ ਹੈ ਕਿ ਇਹ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਰੱਖਿਆ ਜਾ ਸਕੇ ਅਤੇ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ।
ਚਾਰੇ ਪਾਸੇ ਛਾਇਆ ਸੰਨਾਟਾ
ਇਸ ਘਟਨਾ ਤੋਂ ਬਾਅਦ ਹਰ ਪਾਸੇ ਸੰਨਾਟਾ ਛਾ ਗਿਆ ਹੈ |
10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ
ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਅਕਾਲ ਬੁੰਗਾ ‘ਤੇ ਕਬਜ਼ਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਬੂਸੋਵਾਲ ਰੋਡ ‘ਤੇ ਡੇਰਾ ਪੀਰ ਗੈਬ ‘ਤੇ ਕਬਜ਼ਾ ਕਰਦੇ ਹੋਏ 10 ਨਿਹੰਗ ਸਿੰਘਾਂ ਨੂੰ ਸੁਲਤਾਨਪੁਰ ਲੋਧੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ‘ਚ ਸਾਲ 2020 ‘ਚ ਇਸੇ ਤਰ੍ਹਾਂ ਦੇ ਝਗੜੇ ‘ਚ ਕਤਲ ਦੇ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ‘ਚ ਲੋੜੀਂਦੇ ਦੋਸ਼ੀ ਵੀ ਸ਼ਾਮਲ ਹਨ।