ਬਿਕਰਮ ਸਿੰਘ ਮਜੀਠੀਆ ਨੇ ਆਪ ਮੰਤਰੀ ’ਤੇ ਬੇਵਸ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਤੌਰ ’ਤੇ ਹੇਠਾਂ ਡਿੱਗਣ ਦਾ ਲਾਇਆ ਦੋਸ਼

ਚੰਡੀਗੜ੍ਹ, 15 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਦੋਸ਼ ਲਾਇਆ ਕਿ ਉਹਨਾਂ ਨੇ ਇਕ ਬੇਵਸ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਆਪਣੇ ਮੰਤਰੀ ਦੀ ਘਿਨੌਣੀ ਹਰਕਤ ਬਾਰੇ ਜਾਣੂ ਹੋਣ ਦੇ ਬਾਵਜੂਦ ਉਹਨਾਂ ਦਾ ਬਚਾਅ ਕਰ ਰਹੇ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜਿਣਸੀ ਸੋਸ਼ਣ ਕਰਨ ਵਾਲੇ ਇਸ ਵਿਅਕਤੀ ਨੂੰ ਪੰਜਾਬ ਵਜ਼ਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਇਸਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਹੀ ਮੁੱਖ ਮੰਤਰੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਪਰੇਟਰ ਨੇ ਦੱਸਿਆ ਕਿ ਸ੍ਰੀ ਭਗਵੰਤ ਮਾਨ ਦਫਤਰ ਗਏ ਹਨ ਜਦੋਂ ਕਿ ਦਫਤਰ ਦਾ ਫੋਨ ਵਿਅਸਤ ਆਉਂਦਾ ਰਿਹਾ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜਿਸ ਭਾਸ਼ਾ ਵਿਚ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹਨ, ਜੋ ਉਹਨਾਂ ਨੂੰ ਸਮਝ ਆਉਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੀਵਾਲੀ ਮੌਕੇ ਮੁੱਖ ਮੰਤਰੀ ਨੂੰ ਆਖਿਆ ਸੀ ਕਿ ਜਿਹੜੇ ਮੰਤਰੀ ਉਹਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ, ਉਹਨਾਂ ਦੀਆਂ ਬਜ਼ਰ ਕੁਰਹਿਤਾਂ ਬਾਰੇ ਪਤਾ ਲੱਗਣ ’ਤੇ ਉਹ ਉਹਨਾਂ ਨਾਲ ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰਨਗੇ। ਇਸ ਮਗਰੋਂ ਉਹਨਾਂ ਨੇ ਦੀਵਾਲੀ ਦੇ ਤਿਓਹਾਰ ਦੀ ਤਸਵੀਰ ਸਾਂਝੀ ਕਰ ਕੇ ਮੁੱਖ ਮੰਤਰੀ ਤੋਂ ਮਿਲਣ ਲਈਸਮਾਂ ਮੰਗਿਆ ਸੀ ਤਾਂ ਜੋ ਉਹ ਉਹਨਾਂ ਦੇ ’ਮਨ ਪਸੰਦ’ ਮੰਤਰੀ ਦੀ ਘਿਨੌਣੀ ਹਰਕਮਤ ਦਾ ਸਬੂਤ ਉਹਨਾਂ ਨੂੰ ਸੌਂਪ ਸਕਣ। ਉਹਨਾਂ ਕਿਹਾ ਕਿ ਉਹਨਾਂ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਮੁੱਖ ਮੰਤਰੀ ਵੀ ਆਪਣੇ ਵਿਰੋਧੀਆਂ ਨਾਲ ਟਵਿੱਟਰ ’ਤੇ ਹੀ ਗੱਲਬਾਤ ਕਰਨ ਲਈ ਜਾਣੇ ਜਾਂਦੇ ਹਨ ਜਦੋਂ ਉਹਨਾਂ ਨੇ ਪੰਜਾਬਰ ਦੇ ਮੁੱਦਿਆਂ ’ਤੇ ਅਖੌਤੀ ਬਹਿਸ ਲਈ ਵਿਰੋਧੀਆਂ ਨੂੰ ਸਿਰਫ ਟਵਿੱਟਰ ’ਤੇ ਹੀ ਸੱਦਾ ਦਿੱਤਾ ਤਾਂ ਉਹ ਸਭ ਨੇ ਵੇਖਿਆ ਸੀ।

ਸਰਦਾਰ ਮਜੀਠੀਆ, ਜਿਹਨਾਂ ਨੇ ਮੁੱਖ ਮੰਤਰੀ ਲਈ ਦੀਵਾਲੀ ਦਾ ਤੋਹਫਤਾ ਪੈਕ ਕਰਵਾਇਆ ਸੀ, ਨੇ ਪੱਤਰਕਾਰਾਂ ਦੇ ਸਾਹਮਣੇ ਉਹ ਡੱਬਾ ਖੋਲ੍ਹਿਆ ਤਾਂ ਉਸ ਵਿਚੋਂ ਉਹ ਪੈਨ ਡ੍ਰਾਈਵ ਨਿਕਲੀ ਜਿਸ ਵਿਚ ਮੰਤਰੀ ਦੀ ਸ਼ਰਮਨਾਕ ਹਰਕਤ ਰਿਕਾਰਡ ਹੈ।
ਉਹਨਾਂ ਕਿਹਾ ਕਿ ਉਹ ਇਸ ਪੈਨ ਡ੍ਰਾਈਵ ਜੋ ਉਹਨਾਂ ਨੂੰ ਇਕ ਜਨਤਕ ਪ੍ਰੋਗਰਾਮ ਵਿਚ ਸੌਂਪੀ ਗਈ, ਵੇਰਵੇ ਸਾਂਝੇ ਨਹੀਂ ਕਰ ਰਹੇ ਕਿਉਂਕਿ ਇਸ ਵਿਚ ਮੰਤਰੀ ਦੇ ਗੁਨਾਹਾਂ ਦਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਮੈਟੀਰੀਅਲ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੈਨ ਡ੍ਰਾਈਵ ਸੌਂਪਣਾ ਚਾਹੁੰਦੇ ਹਨ ਤਾਂ ਜੋ ਉਹ ਮਾਮਲੇ ਵਿਚ ਫੌਰੀ ਕਾਰਵਾਈ ਕਰ ਸਕਣ।
ਅਕਾਲੀ ਆਗੂ ਨੇ ਸਪਸ਼ਟ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਹਿਯੋਗ ਖਿਲਾਫ ਸਬੂਤ ਲੈਣ ਤੋਂ ਇਨਕਾਰ ਕੀਤਾ ਜਿਵੇਂ ਕਿ ਉਹਨਾਂ ਨੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਕੀਤਾ ਸੀ, ਤਾਂ ਉਹ ਇਸ ਕੇਸ ਵਿਚ ਨਿਆਂ ਲੈਣ ਲਈ ਉਪਲਬਧ ਹੋਰ ਵਿਕਲਪਾਂ ’ਤੇ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਅਸੀਂ ਉਦੋਂ ਤੱਕ ਟਿਕ ਕੇ ਨਹੀਂ ਬੈਠਾਂਗੇ ਜਦੋਂ ਤੱਕ ਮੰਤਰੀ ਪੂਰੀ ਤਰ੍ਹਾਂ ਬੇਨਕਾਬ ਨਹੀਂ ਹੋ ਜਾਂਦਾ ਤੇ ਉਸਦ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਹੁੰਦੀ।

Leave a Reply

Your email address will not be published. Required fields are marked *